
ਅੱਜ ਸਵੇਰੇ ਦਿਨ ਚੜ੍ਹਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਡੈਮ ਪ੍ਰਸ਼ਾਸਨ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ
ਪਠਾਨਕੋਟ, 6 ਜੁਲਾਈ (ਤੇਜਿੰਦਰ ਸਿੰਘ) : ਅੱਜ ਸਵੇਰੇ ਦਿਨ ਚੜ੍ਹਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਡੈਮ ਪ੍ਰਸ਼ਾਸਨ ਤੇ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਕਾਫੀ ਲੰਮੇ ਸਮੇਂ ਤੋਂ ਅਪਣੇ ਬਣਦੇ ਹੱਕ ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਡੈਮ ਔਸਤੀ ਸੰਘਰਸ਼ ਕਮੇਟੀ ਦੇ ਦੋ ਡੈਮ ਔਸਤੀ ਸੰਘਰਸ਼ ਕਮੇਟੀ ਦੇ ਬਜ਼ੁਰਗ ਆਗੂ ਅੱਜ ਸਵੇਰੇ 5 ਵਜੇ ਸ਼ਰਮ ਸਿੰਘ (83) ਅਤੇ ਕੁਲਵਿੰਦਰ ਸਿੰਘ (70) ਸਾਲ ਦੀ ਉਮਰ ਦੇ ਦੋ ਬਜ਼ੁਰਗ ਪਰਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਮੁੱਖ ਇੰਜੀਨੀਅਰ ਰਣਜੀਤ ਸਾਗਰ ਡੈਮ ਦੇ ਦਫ਼ਤਰ ਸਾਹਮਣੇ ਲੱਗੇ
ਬੀ.ਐਸ.ਐਨ.ਐਲ ਦੇ ਟਾਵਰ ਉਪਰ ਚੜ੍ਹ ਗਏ। ਜਿਸ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਐਸ.ਡੀ.ਐਮ ਨਿਧੀ ਕਲੋਤਰਾ ਤਹਿਸੀਲਦਾਰ ਕਮ ਮਾਲ ਅਫ਼ਸਰ ਅਰਵਿੰਦ ਪ੍ਰਕਾਸ਼ ਵਰਮਾ, ਡੀ.ਐਸ.ਪੀ ਸੁਖਜਿੰਦਰ ਸਿੰਘ ਡੀ.ਐਸ.ਪੀ ਰਵਿੰਦਰ ਸਿੰਘ ਐਸ.ਐਚ.ਓ ਸ਼ਾਹਪੁਰਕੰਡੀ ਐਸ.ਐਚ.ਓ ਧਾਰ ਅਪਣੀ ਫ਼ੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਫ਼ਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪੁੱਜ ਗਈ ਅਤੇ ਟਾਵਰ ਦੇ ਚਾਰੇ ਪਾਸੇ ਹੇਠਾਂ ਗੱਦੇ ਵਿਛਾ ਦਿਤੇ ਗਏ।
ਐਸ.ਡੀ.ਐਮ ਨਿਧੀ ਕਲੋਤਰਾ ਨੇ ਮੋਰਚਾ ਸੰਭਾਲਦੇ ਹੋਏ ਬੈਰਾਜ ਔਸਤੀ ਕਮੇਟੀ ਦੇ ਪ੍ਰਧਾਨ ਦਿਆਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨਾਲ ਮੀਟਿੰਗ ਲਈ ਉਨ੍ਹਾਂ ਨੂੰ ਅਪਣੇ ਦਫ਼ਤਰ ਬੁਲਾਇਆ ਗਿਆ।
ਲੰਮੀ ਚੱਲੀ ਗੱਲਬਾਤ ਦੌਰਾਨ ਬੈਰਾਜ ਔਸਤੀ ਸੰਘਰਸ਼ ਕਮੇਟੀ ਦੀ ਡੀਸੀ ਪਠਾਨਕੋਟ ਨਾਲ 9 ਜੁਲਾਈ ਮੀਟਿੰਗ ਤੈਅ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਜਲਦੀ ਹੀ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਲਈ ਪਠਾਨਕੋਟ ਪ੍ਰਸ਼ਾਸਨ ਵਲੋਂ ਬਣਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਭਰੋਸੇ ਤੋਂ ਬਾਅਦ ਹੀ ਟਾਵਰ 'ਤੇ ਚੜ੍ਹੇ ਬਜ਼ੁਰਗਾਂ ਨੂੰ ਹੇਠਾਂ ਉਤਾਰਿਆ ਗਿਆ
File Photo
ਮੰਗਾਂ ਨੂੰ ਲੈ ਕੇ ਬੀ.ਐਸ.ਐਨ.ਐਲ ਦੇ ਕੱਚੇ ਕਾਮੇ ਮੁੱਖ ਦਫ਼ਤਰ ਨੇੜੇ ਟਾਵਰ 'ਤੇ ਚੜ੍ਹੇ
ਬਠਿੰਡਾ, 6 ਜੁਲਾਈ (ਸੁਖਜਿੰਦਰ ਮਾਨ): ਪਿਛਲੇ ਕਈ ਦਿਨਾਂ ਤੋਂ ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਬੀਐਸਐਨਐਲ ਦੇ ਕੱਚੇ ਕਾਮੇ ਅੱਜ ਮੁੱਖ ਦਫ਼ਤਰ ਨਜ਼ਦੀਕ ਟਾਵਰ 'ਤੇ ਚੜ ਗਏ। ਚਾਰ ਕਾਮਿਆਂ ਦੇ ਟਾਵਰ 'ਤੇ ਚੜ੍ਹਨ ਦੀ ਸੂਚਨਾ ਮਿਲਦਿਆਂ ਹੀ ਬੀਐਸਐਨਐਲ ਮੈਨੇਜ਼ਮੈਂਟ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਿਸ ਦੇ ਚਲਦੇ ਪੁਲਿਸ ਵਿਭਾਗ ਦੇ ਉਚ ਅਧਿਕਾਰੀ ਮੌਕੇ 'ਤੇ ਪੁੱਜੇ ਪ੍ਰੰਤੂ ਟਾਵਰ 'ਤੇ ਚੜੇ ਰੇਸ਼ਮ ਸਿੰਘ, ਜਸਵਿੰਦਰ ਸਿੰਘ, ਰਾਜਾ ਸਿੰਘ ਅਤੇ ਮਨਜੀਤ ਸਿੰਘ ਨੇ ਸਪੱਸ਼ਟ ਐਲਾਨ ਕਰ ਦਿਤਾ ਕਿ ਜਿੰਨਾ ਦੇਰ ਤਕ ਵਿਭਾਗ ਦੇ ਅਫ਼ਸਰ ਅਤੇ ਠੇਕੇਦਾਰ ਉਨ੍ਹਾਂ ਦੀ ਤਨਖ਼ਾਹਾਂ ਜਾਰੀ ਨਹੀਂ ਕਰਨਗੇ, ਉਨ੍ਹਾਂ ਚਿਰ ਉਹ ਟਾਵਰ ਤੋਂ ਨਹੀਂ ਉਤਰਨਗੇ।
ਖ਼ਬਰ ਲਿਖੇ ਜਾਣ ਤਕ ਐਸ ਪੀ ਸਿਟੀ ਜਸਪਾਲ ਅਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਵਲੋਂ ਧਰਨਕਾਰੀਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਮਿਲੀ ਸੂਚਨਾ ਮੁਤਾਬਕ ਠੇਕੇਦਾਰਾਂ ਵਲੋਂ ਤਨਖ਼ਾਹਾਂ ਨਾ ਦੇਣ ਦੇ ਵਿਰੋਧ ਵਿਚ ਇੰਨ੍ਹਾਂ ਕਾਮਿਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਅੱਜ ਵੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੰਜੇ ਕੁਮਾਰ ਦੀ ਅਗਵਾਈ ਹੇਠ ਉਕਤ ਕੰਪਨੀ ਦੇ ਭਾਰਤ ਨਗਰ ਸਥਿਤ ਮੁੱਖ ਦਫ਼ਤਰ ਅੱਗੇ ਧਰਨਾ ਲਗਾਇਆ ਹੋਇਆ ਸੀ। ਇਸ ਦੌਰਾਨ ਉਕਤ ਚਾਰ ਕਾਮੇ ਟਾਵਰ 'ਤੇ ਚੜ੍ਹ ਗਏ। ਉਧਰ ਕਾਮਿਆਂ ਦੇ ਇਸ ਧਰਨੇ ਨੂੰ ਸਮਰਥਨ ਦੇਣ ਲਈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਅਤੇ ਅਤੇ ਰਾਮਪੁਰਾ ਫੂਲ ਹਲਕੇ ਦੇ ਇੰਚਾਰਜ ਜਤਿੰਦਰ ਸਿੰਘ ਭੱਲਾ ਵੀ ਪੁੱਜੇ ਹੋਏ ਸਨ। ਉਧਰ ਬੀਐਸਐਨਐਲ ਦੇ ਜੀਐਮ ਰਾਹੁਲ ਅਸ਼ੋਕ ਆਇਅਨ ਨੇ ਮਾਮਲੇ ਦੇ ਹੱਲ ਦਾ ਭਰੋਸਾ ਦਿਤਾ।