
ਪਿਛਲੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਘਪਲੇ ਦੀਆਂ ਖ਼ਬਰਾਂ ਨੇ ਜਿਥੇ ਸਿੱਖ
ਸ੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਭਗਵੰਤ ਸਿੰਘ ਮਟੌਰ): ਪਿਛਲੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਘਪਲੇ ਦੀਆਂ ਖ਼ਬਰਾਂ ਨੇ ਜਿਥੇ ਸਿੱਖ ਸ਼ਰਧਾਲੂਆਂ ਦੇ ਮਨ ਨੂੰ ਬਹੁਤ ਠੇਸ ਪਹੁੰਚਾਈ ਹੈ, ਉਥੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਨੂੰ ਉਦੋਂ ਤੱਕ ਠੱਲ੍ਹ ਨਹੀਂ ਪਾਈ ਜਾ ਸਕਦੀ, ਜਦੋਂ ਤਕ ਸਿੱਖ ਪੰਥ ਵਲੋਂ ਕੀਤੀ ਗਈ ਗ਼ਲਤੀ ਵਿਚ ਸੁਧਾਰ ਨਹੀਂ ਕੀਤਾ ਜਾਂਦਾ।
ਧਾਰਮਕ ਆਗੂਆਂ ਦੀ ਚੋਣ ਲਈ ਗੁ: ਐਕਟ ਵਿਚ 'ਇਲੈਕਸ਼ਨ ਸਿਸਟਮ' ਰੱਦ ਕਰ ਕੇ ਸਲੈਕਸ਼ਨ ਸਿਸਟਮ ਲਾਗੂ ਕਰਨ ਲਈ ਸਮੁੱਚੇ ਖ਼ਾਲਸਾ ਪੰਥ ਨੂੰ ਤੁਰਤ ਹਰਕਤ ਵਿਚ ਆਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰ੍ਰਸੀਪਲ ਸੁਰਿੰਦਰ ਸਿੰਘ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਨੰਦਪੁਰ ਸਾਹਿਬ ਨੇ ਕੀਤਾ।
ਪਿੰ: ਸੁਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਗੁਪਤ ਘਪਲੇ ਨਿਤ ਨਵੇਂ ਦਿਨ ਸਾਹਮਣੇ ਆ ਰਹੇ ਹਨ। ਪਰ ਕੁੱਝ ਘਪਲੇ ਅਜਿਹੇ ਹਨ ਜੋ ਸ਼ਰੇਆਮ ਸਾਹਮਣੇ ਹੋ ਰਹੇ ਹਨ। ਉਨ੍ਹਾਂ ਨਾਲ ਗੁਰੂ ਕੀ ਗੋਲਕ ਦਾ ਨੁਕਸਾਨ ਵੀ ਹੁੰਦਾ ਹੈ ਅਤੇ ਸਿੱਖੀ ਸਿਧਾਂਤਾਂ ਦੀ ਉਲੰਘਣਾ ਵੀ ਹੁੰਦੀ ਹੈ। ਮਿਸਾਲ ਦੇ ਤੌਰ 'ਤੇ ਸਿਰੋਪਾਉ ਸਨਮਾਨ ਸਿੱਖ ਧਰਮ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ, ਪਰ ਇਸ ਦੀ ਦੁਰਵਰਤੋਂ ਅਤੇ ਬਹੁਤਾਤ ਗਿਣਤੀ ਵਿਚ ਫ਼ਜ਼ੂਲ ਵੰਡੀ ਜਾਣਾ ਜਿਥੇ ਆਰਥਕ ਨੁਕਸਾਨ ਹੁੰਦਾ ਹੈ,
Surinder Singh
ਉਥੇ ਧਾਰਮਕ ਪੱਖੋਂ ਵੀ ਭਾਰੀ ਨੁਕਸਾਨ ਹੁੰਦਾ ਹੈ। ਗੁਰਦਵਾਰਾ ਮੁਲਾਜ਼ਮਾਂ ਦੀਆਂ ਡਿਊਟੀਆਂ ਜੇ ਗੁਰਦਵਾਰਾ ਸਾਹਿਬਾਨ ਵਿਚ ਹੀ ਰਹਿਣ ਤਾਂ ਸਾਰਥਕ ਹੈ ਪਰ ਜੇ ਉਨ੍ਹਾਂ ਦੀਆਂ ਸੇਵਾਵਾਂ ਗੁਰੂ ਘਰਾਂ ਤੋਂ ਬਾਹਰ ਕਿਸੇ ਹੋਰ ਪਾਸੇ ਲਈਆਂ ਜਾਂਦੀਆਂ ਹਨ ਉਨ੍ਹਾਂ ਨੂੰ ਵੀ ਠੀਕ ਨਹੀਂ ਕਿਹਾ ਜਾ ਸਕਦਾ। ਇਸ ਪਾਸੇ ਵਲ ਵੀ ਤੁਰਤ ਧਿਆਨ ਦੇਣ ਦੀ ਲੋੜ ਹੈ। ਇਸ ਨਾਲ ਹੀ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਮੀਡੀਆ ਜਾਂ ਸ਼ੋਸਲ ਮੀਡੀਆ ਵਿਚ ਵੱਡੇ ਅਫ਼ਸਰਾਂ, ਸਕੱਤਰਾਂ ਜਾਂ ਹੋਰ ਅਧਿਕਾਰੀਆਂ ਨੂੰ ਹੀ ਜਾਣਕਾਰੀ ਦੇਣ ਦਾ ਹੱਕ ਹੋਣਾ ਚਾਹੀਦਾ ਹੈ।
ਇਸ ਘਟਨਾ ਸਮੇਂ ਵੀ ਜੋ ਅਣਗਹਿਲੀ ਹੋਈ ਹੈ ਉਹ ਮੁਲਾਜ਼ਮਾਂ ਦੀ ਨਿਜੀ ਖਹਿਬਾਜ਼ੀ ਲੱਗਦੀ ਹੈ। ਪ੍ਰੈਸ ਵਿਚ ਜਾਣ ਦਾ ਅਧਿਕਾਰ ਕਿਸ ਨੂੰ ਹੈ? ਇਸ ਬਾਰੇ ਵੀ ਜਾਂਚ ਤੇ ਲੋੜੀਂਦਾ ਐਕਸ਼ਨ ਹੋਣਾ ਚਾਹੀਦਾ ਹੈ, ਤਾਕਿ ਅੱਗੋਂ ਲਈ ਹਰ ਮੁਲਾਜ਼ਮ ਦਾ ਅਨੁਸ਼ਾਸਨ ਵਿਚ ਰਹਿਣ ਦਾ ਸੁਭਾਅ ਬਣ ਜਾਵੇ ਅਤੇ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਅਤੇ ਸਮੁੱਚੇ ਪੰਥ ਨੂੰ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ।