
ਸੂਬੇ ਵਿਚ ਪਾਜ਼ੇਟਿਵ ਕੇਸਾਂ ਦਾ ਅੰਕੜਾ ਹੋਇਆ 6500 ਤੋਂ ਪਾਰ
ਚੰਡੀਗੜ੍ਹ, 6 ਜੁਲਾਈ (ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਹੁਣ ਤੇਜ਼ੀ ਫੜਦਾ ਜਾ ਰਿਹਾ ਹੈ। ਜਿਥੇ ਪਿਛਲੇ 24 ਘੰਟੇ ਦੌਰਾਨ 4 ਹੋਰ ਮੌਤਾਂ ਹੋਈਆਂ ਹਨ ਉਥੇ 280 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ। ਮੌਤਾਂ ਦਾ ਅੰਕੜਾ ਜਿਥੇ 172 ਤਕ ਪਹੁੰਚ ਗਿਆ ਹੈ, ਉਥੇ ਸੂਬੇ ਵਿਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੀ 6500 ਤੋਂ ਪਾਰ ਹੋ ਚੁੱਕੀ ਹੈ। ਬੀਤੇ ਦਿਨ ਵੀ 250 ਤੋਂ ਵੱਧ ਪਾਜ਼ੇਟਿਵ ਮਾਮਲੇ ਆਏ ਸਨ। ਜਲੰਧਰ ਅਤੇ ਲੁਧਿਆਣਾ ਵਿਚ ਕਈ ਦਿਨਾ ਤੋਂ ਲਗਾਤਾਰ ਕੋਰੋਨਾ ਬਲਾਸਟ ਹੋ ਰਹੇ ਹਨ। ਅੱਜ ਵੀ ਜਲੰਧਰ ਵਿਚ 84 ਅਤੇ ਲੁਧਿਆਣਾ ਵਿਚ 25 ਪਾਜ਼ੇਟਿਵ ਮਾਮਲੇ ਆਏ ਹਨ।
File Photo
ਨਵਾਂ ਸ਼ਹਿਰ 28, ਅੰਮ੍ਰਿਤਸਰ 26 ਅਤੇ ਸੰਗਰੂਰ ਵਿਚ ਵੀ 21 ਹੋਰ ਪਾਜ਼ੇਟਿਵ ਮਾਮਲੇ 24 ਘੰਟੇ ਦੌਰਾਨ ਆਏ ਹਨ। ਇਸ ਤਰ੍ਹਾਂ ਹੁਣਾ ਸਾਰੇ ਹੀ ਜ਼ਿਲ੍ਹਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਆ ਰਹੇ ਹਨ। ਹੁਣ ਤਕ ਸੂਬੇ ਵਿਚ ਕੁੱਲ 3 ਲੱਖ 42 ਹਜ਼ਾਰ ਸੈਂਪਲ ਲਏ ਗਏ ਹਨ। ਅੱਜ ਸ਼ਾਮ ਤੱਕ ਕੁੱਲ ਪਾਜ਼ੇਟਿਵ ਮਾਮਲੇ ਸੂਬੇ ਵਿਚ 6565 ਹੋ ਚੁੱਕੇ ਹਨ। 4494 ਮਰੀਜ਼ ਠੀਕ ਹੋਏ ਹਨ।
ਇਸ ਸਮੇਂ 1828 ਮਰੀਜ਼ ਇਲਾਜ ਅਧੀਨ ਹਨ। ਇਨ੍ਹਾਂ ਵਿਚੋਂ 58 ਮਰੀਜ਼ ਗੰਭੀਰ ਹਾਲਤ ਵਾਲੇ ਹਨ। ਇਨ੍ਹਾਂ 'ਚੋਂ 52 ਆਕਸੀਜਨ ਅਤੇ 6 ਵੈਂਟੀਲੇਟਰ 'ਤੇ ਹਨ। ਲੁਧਿਆਣਾ ਜ਼ਿਲ੍ਹੇ ਦਾ ਕੁੱਲ ਪਾਜ਼ੇਟਿਵ ਅੰਕੜਾ 1100 ਤੋਂ ਪਾਰ ਹੋ ਚੁੱਕਾ ਹੈ। ਜਲੰਧਰ ਵਿਚ ਵੀ 1000 ਤੋਂ ਉਪਰ ਅੰਕੜਾ ਪਹੁੰਚ ਗਿਆ ਹੈ ਅਤੇ ਅੰਮ੍ਰਿਤਸਰ ਵੀ 1000 ਦੇ ਨੇੜੇ ਪਹੁੰਚ ਚੁੱਕਾ ਹੈ।