
ਭਾਜਪਾ ਆਗੂਆਂ 'ਤੇ ਹਮਲਿਆਂ ਦੇ ਵਿਰੋਧ 'ਚ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਵਫ਼ਦ ਮਿਲਿਆ ਰਾਜਪਾਲ ਨੂੰ
ਕੀ ਪੰਜਾਬ ਵੀ ਚੋਣਾਂ ਤੋਂ ਪਹਿਲਾਂ ਬੰਗਾਲ ਬਣਦਾ ਜਾ ਰਿਹੈ?
ਚੰਡੀਗੜ੍ਹ, 6 ਜੁਲਾਈ (ਜੀ.ਸੀ.ਭਾਰਦਵਾਜ): ਇਕ ਪਾਸੇ ਮਜ਼ਬੂਤ ਸੱਤਾਧਾਰੀ ਕਾਂਗਰਸ ਪੰਜਾਬ ਵਿਚ ਦੋ ਫਾੜ ਹੋਈ ਪਈ ਹੈ | ਨੈਸ਼ਨਲ ਪੱਧਰ ਦੇ ਚੋਟੀ ਦੇ ਨੇਤਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਦੇ ਗੁੱਟ ਦੇ ਸਾਥੀ ਹਾਈ ਕਮਾਂਡ ਕੋਲ ਪੇਸ਼ੀਆਂ ਭੁਗਤ ਰਹੇ ਹਨ, ਦੂਜੇ ਪਾਸੇ ਨਵਜੋਤ ਸਿੱਧੂ ਅਪਣੇ ਹੀ ਮਾਲਕ ਨੂੰ ਪਟਕਣੀ ਦੇਣ ਲਈ ਅਗੀਆਂ ਚੋਣਾਂ ਵਿਚ ਸਟਾਰ ਨੇਤਾ ਯਾਨੀ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ 'ਤੇ ਆਉਂਦੇ 3 ਮਹੀਨੇ ਲਗਾਉਣ ਦਾ ਰੌਂਅ ਵਿਚ ਹਨ |
ਅੱਜ ਪੰਜਾਬ ਵਿਚ ਮਾੜੀ ਕਾਨੂੰਨ ਵਿਵਸਥਾ ਦਾ ਵਾਸਤਾ ਪਾ ਕੇ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਉਚ ਪਧਰੀ ਡੈਲੀਗੇਸ਼ਨ ਨੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ, ਚੌਥੀ ਵਾਰ ਕੀਤੀ ਤੇ ਦਸਿਆ ਕਿ ਕਿਵੇਂ ਕੇਂਦਰੀ ਮੰਤਰੀ, ਬੀਜੇਪੀ ਨੇਤਾ, ਪੰਜਾਬ ਦੇ ਸਾਰੇ ਪਾਰਟੀ ਨੇਤਾ, ਜ਼ਲੀਲ ਕੀਤੇ ਜਾ ਰਹੇ ਹਨ, ਉਨ੍ਹਾਂ 'ਤੇ ਹਮਲੇ ਕਰਨ ਵਾਲਿਆਂ ਵਿਚ ਗੁੰਡੇ ਕਾਂਗਰਸੀ ਹਨ | ਰਾਜ ਭਵਨ ਤੋਂ ਬਾਹਰ ਆ ਕੇ ਬੀਜੇਪੀ ਨੇਤਾ ਇਸ਼ਾਰਾ ਕਰ ਰਹੇ ਸਨ ਕਿ ਹੋਰ ਜ਼ਿਆਦਾ ਬੇਇੱਜ਼ਤੀ ਤੇ ਜ਼ਲਾਲਤ ਹੁਣ ਬਰਦਾਸ਼ਤ ਕਰਨ ਤੋਂ ਬਾਹਰ ਹੈ |
ਇਸ ਮੁੱਦੇ 'ਤੇ ਰੋਜ਼ਾਨਾ ਸਪੋਕਸਮੈਨ ਨੇ ਜਦੋਂ ਵੱਖ ਵੱਖ ਭਾਜਪਾ ਨੇਤਾਵਾਂ, ਸਿਆਸੀ ਮਾਹਰਾਂ ਤੇ ਚੋਣ ਨੀਤੀਆਂ ਘਾੜਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਪੰਜਾਬ ਦੇ ਨੇਤਾ ਤੇ ਬੀਜੇਪੀ ਹਾਹੀਕਮਾਂਡ ਇਸ ਮੌਕੇ ਦੀ ਤਲਾਸ਼ ਵਿਚ ਹਨ ਕਿ ਨਵਜੋਤ ਸਿੱਧੂ, ਕੈਪਟਨ ਅਲਮਰਿੰਦਰ ਸਿੰਘ ਤੇ ਇਕ ਦੋ ਦਲਿਤ ਜਾਂ ਪਛੜੀ ਜਾਤੀ ਸਿੱਖ ਨੇਤਾਵਾਂ ਨੂੰ ਭਾਜਪਾ ਵਿਚ ਲਿਆ ਸਕਣ | ਉਨ੍ਹਾਂ ਬੰਗਾਲ ਵਿਚ ਟੀ.ਐਮ.ਸੀ. ਦੇ ਨੇਤਾ ਸ਼ਬੇਂਦੂ ਅਧਿਕਾਰੀ ਦੀ ਮਿਸਾਲ ਦਿਤੀ ਜਿਸ ਨੂੰ ਪਟਾ ਕੇ ਭਾਜਪਾ ਵਿਚ ਲਿਆਂਦਾ ਅਤੇ ਮਮਤਾ ਨੂੰ ਹਰਾਉਣ ਦੀ ਹਾਲਤ ਵਿਚ ਲਿਆਂਦਾ | ਇਨ੍ਹਾਂ ਮਾਹਰਾਂ ਦਾ ਕਹਿਣਾ ਹੈ ਕਿ ਜੇ ਕਾਂਗਰਸ ਹਾਈਕਮਾਂਡ ਨਵਜੋਤ ਸਿੱਧੂ ਨੂੰ ਬਣਦਾ ਮਾਣ ਸਤਿਕਾਰ ਨਾ ਦੁਆ ਸਕੀ ਤਾਂ ਉਹ ਬੀਜੇਪੀ ਵਿਚ ਜਾ ਸਕਦੇ ਹਨ ਜੋ ਹਿੰਦੂ ਤੇ ਸਿੱਖ ਬਰਾਦਰੀਆਂ ਦੋਹਾਂ ਨੂੰ ਸਵੀਕਾਰ ਹੈ | ਇਕ ਸੂਝਵਾਨ ਸਿਆਸੀ ਮਾਹਰਾਂ ਦਾ ਗਰੁਪ ਇਹ ਵੀ ਕਹਿ ਰਿਹਾ ਹੈ ਜਿਵੇਂ 2016 ਦੇ ਅਖ਼ੀਰ ਵਿਚ ਕੈਪਟਨ ਨੇ ਹਾਈਕਮਾਂਡ ਨੂੰ ਤਾੜਨਾ ਕੀਤੀ ਸੀ ਕਿ ਉਹ ਬੀਜੇਪੀ ਦਾ ਪੱਲਾ ਫੜ ਸਕਦੇ ਹਨ, ਹੁਣ ਵੀ ਉਹੀ ਸਥਿਤੀ ਹੈ | ਅੱਜ ਤਕ ਦੋਵੇਂ ਨੇਤਾਵਾਂ ਕੈਪਟਨ ਜਾਂ ਨਵਜੋਤ ਸਿੱਧੂ ਨੇ ਬੀਜੇਪੀ ਵਿਰੁਧ ਬਹੁਤਾ ਕੁੱਝ ਕੂੜ ਪ੍ਰਚਾਰ ਨਹੀਂ ਕੀਤਾ |