
ਜਨਤਾ ਦੇ ਮੁੱਦਿਆਂ 'ਤੇ ਸਵਾਲ ਕਰਾਂਗੇ ਅਤੇ ਅੰਦੋਲਨ ਵੀ : ਪਿ੍ਯੰਕਾ ਗਾਂਧੀ
ਲਖਨਉ, 6 ਜੁਲਾਈ : ਕਾਂਗਰਸ ਦੀ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਸੱਤਾਧਿਰ ਭਾਜਪਾ 'ਤੇ ਜਨਤਾ ਨੂੰ ਸੰਕਟ 'ਚ ਪਾਉਣ ਦਾ ਪਾਪ ਕਰਨ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਕਾਂਗਰਸ ਦੇਸ਼ 'ਚ ਵਧਦੀ ਮਹਿੰਗਾਈ ਦੇ ਮੁੱਦੇ 'ਤੇ ਭਾਜਪਾ ਦੀਆਂ ਸਰਕਾਰਾਂ ਤੋਂ ਸਵਾਲ ਵੀ ਕਰੇਗੀ ਅਤੇ ਅੰਦੋਲਨ ਵੀ |
ਪਿ੍ਯੰਕਾ ਨੇ ਵੀਡੀਉ ਕਾਨਫ਼ਰੰਸ ਰਾਹੀਂ ਝਾਂਸੀ 'ਚ ਆਯੋਜਤ ਕਾਂਗਰਸ ਦੇ ਅਹੁਦੇਦਾਰਾਂ ਦੇ ਦੋ ਦਿਨਾਂ ਟ੍ਰੇਨਿੰਗ ਕੈਂਪ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਉਤਰ ਪ੍ਰਦੇਸ਼ ਦੀਆਂ ਭਾਜਪਾ ਸਰਕਾਰਾਂ ਨੇ ਜਨਤਾ ਨੂੰ ਸੰਕਟ ਵਿਚ ਪਾਉਣ ਦਾ ਪਾਪ ਕੀਤਾ ਹੈ | ਹਰ ਵਰਗ ਵਧਦੀ ਮਹਿੰਗਾਈ, ਅਪਰਾਧ, ਕਲਤ, ਲੁੱਟ, ਬਲਾਤਕਾਰ, ਭਿ੍ਸ਼ਟਾਚਾਰ ਤੋਂ ਪੀੜਤ ਹੈ | ਕਾਂਗਰਸ ਮਹਿੰਗਾਈ, ਬੇਰੋਜ਼ਗਾਰੀ, ਪਟਰੌਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਵਿਰੁਧ ਭਾਜਪਾ ਦੀਆਂ ਸਰਕਾਰਾਂ ਤੋਂ ਸਵਾਲ ਵੀ ਕਰੇਗੀ ਅਤੇ ਅੰਦੋਲਨ ਵੀ | ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ 'ਚ ਅਪਰਾਧ ਦੀ ਹਵਾ ਚਲ ਰਹੀ ਹੈ | ਪੀੜਤਾਂ ਅਤੇ ਦਲਿਤਾਂ ਦਾ ਸ਼ੋਸ਼ਣ ਯੋਗੀ ਸਰਕਾਰ ਦਾ ਮੁੱਖ ਏਜੰਡਾ ਹੈ | ਅਪਰਾਧੀਆਂ ਨੂੰ ਸੱਤਾ ਧਿਰ ਦੇ ਸਮਰਥਨ ਦੇ ਕਾਰਨ ਹਾਲਾਤ ਵਿਸਫੋਟਕ ਹੁੰਦੇ ਜਾ ਰਹੇ ਹਨ | ਪਿ੍ਯੰਕਾ ਨੇ ਕਿਹਾ, ''ਦੇਸ਼ ਦੇ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਸਾਡਾ ਇਤਿਹਾਸ ਵੀ ਹੈ, ਹੁਣ ਵੀ ਅਤੇ ਭਵਿੱਖ ਵੀ | ਇਸ ਲਈ ਦੇਸ਼ ਸਾਡੀ ਪਹਿਲੀ ਤਰਜੀਹ ਹੈ | ਉਸ ਦੇ ਨਾਲ ਖੜੇ ਹੋ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਦਰਦ ਨੂੰ ਸਾਂਝਾ ਕਰਨ ਦੇ ਨਾਲ-ਨਾਲ ਉਸ ਤੋਂ ਆਜ਼ਾਦੀ ਲਈ ਸਖ਼ਤ ਮਿਹਨਤ ਨਾਲ ਕੰਮ ਕਰਨਾ ਹੋਵੇਗਾ |'' (ਏਜੰਸੀ)