
ਬਾਦਲ ਦਲ ਐਸ.ਆਈ.ਟੀ. ਰੀਪੋਰਟ ਤੋਂ ਸੰਤੁਸ਼ਟ ਪਰ ਕੌਮ ਵਿਚ ਰੋਹ ਬਰਕਰਾਰ
ਨਵੀਂ ਸਿੱਖ ਲੀਡਰਸ਼ਿਪ ਹੀ ਕੌਮ ਨੂੰ ਮੁੜ ਲੀਹ 'ਤੇ ਲਿਆਉਣ ਦੇ ਸਮਰਥ
ਅੰਮਿ੍ਤਸਰ, 6 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸਿਆਸਤ ਤੇ ਧਰਮ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ | ਦੁਨੀਆਂ ਭਰ ਦੀਆਂ ਕੌਮਾਂ ਆਪੋ-ਅਪਣੇ ਧਰਮ 'ਤੇ ਮਾਣ ਕਰਦੀਆਂ ਹਨ | ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਸਹਿ ਹੈ ਜੋ ਸੌਦਾ-ਸਾਧ ਤੇ ਉਸ ਦੇ ਅਖੌਤੀ ਚੇਲਿਆਂ ਨੇ 2015 ਵਿਚ ਕੌਮ ਨੂੰ ਵੰਗਾਰ ਕੇ ਦਿਤੀ | ਉਸ ਵੇਲੇ ਪੰਜਾਬ 'ਚ ਛੋਟੇ-ਵੱਡੇ ਬਾਦਲ ਸਾਹਿਬ ਦੀ ਸਰਕਾਰ ਸੀ |
ਪੰਥਕ ਹਲਕੇ ਰੋਹ ਵਿਚ ਹਨ ਕਿ ਅਕਾਲੀ ਸਰਕਾਰ, ਸਮੁੱਚੀ ਕੈਬਨਿਟ, ਸ਼੍ਰੋਮਣੀ ਕਮੇਟੀ, ਜਥੇਬੰਦੀ ਦੇ ਉਚ ਅਹੁਦੇਦਾਰ ਉਸ ਵੇਲੇ ਖ਼ਾਮੋਸ਼ ਕਿਉਂ ਰਹੇ? ਚਰਚਾ ਹੈ ਕਿ ਉਹ ਪਾਵਨ ਸਰੂਪ, ਸੌਦਾ-ਸਾਧ ਦੇ ਚੇਲਿਆਂ ਨੇ ਇਕ ਮਹੀਨੇ, ਅਪਣੇ ਕੋਲ ਰਖਿਆ, ਪੋਸਟਰ ਕੰਧਾਂ 'ਤੇ ਚਿਪਕਾਏ ਤੇ ਚੁਨੌਤੀਆਂ ਦਿੰਦੇ ਰਹੇ ਕਿ ਜੇ ਹਿੰਮਤ ਹੈ ਤਾਂ ਲੈ ਜਾਉ | ਅੰਗਾਂ ਦੀ ਬੇਅਦਬੀ ਦਾ, ਉਸ ਵੇਲੇ ਦੀ ਸਰਕਾਰ ਨੂੰ ਪਤਾ ਕਿਉਂ ਨਾ ਲੱਗਾ? ਜੇ ਬਾਅਦ ਵਿਚ ਵੀ ਜਾਣਕਾਰੀ ਪੰਥਕ ਅਖਵਾਉਂਦੀ ਸਰਕਾਰ ਨੂੰ ਮਿਲੀ ਸੀ ਤਾਂ ਦੋਸ਼ੀ ਦਬੋਚੇ ਕਿਉਂ ਨਾ ਗਏ? ਘੜੀ-ਮੁੜੀ ਸਿੱਟ ਹੀ ਕਿਉਂ ਬਣਦੀ ਰਹੀ? ਕੀ ਦੋਸ਼ੀ, ਪਾਵਨ ਸਰੂਪ ਤੋਂ ਵੀ ਉਚ ਸਨ ਜਿਨ੍ਹਾਂ ਵਿਰੁਧ ਬਾਦਲ-ਕੈਪਟਨ ਸਰਕਾਰਾਂ ਇਕ-ਦੂਸਰੇ ਨਾਲ ਦੋਸਤੀਆਂ ਹੀ ਪਾਲਦੀਆਂ ਰਹੀਆਂ ਤੇ ਤਖ਼ਤਾਂ ਦੇ ਜਥੇਦਾਰ, ਬਾਬਾ ਫੂਲਾ ਸਿੰਘ ਕਿਉਂ ਨਾ ਬਣ ਸਕੇ? ਕੀ ਉਹ ਸਕਤਿਆਂ ਤੋਂ ਡਰਦੇ ਅਤੇ ਕਮਜ਼ੋਰਾਂ ਵਿਰੁਧ ਹੀ ਹੁਕਮਨਾਮੇ ਜਾਰੀ ਕਰਨ ਦੀ ਸਮਰਥਾ ਰਖਦੇ ਹਨ? ਇਹ ਸਵਾਲ ਕੌਮ ਕਰੇਗੀ ਜਦ ਗੁਨਾਹ ਭਰੀ ਬਾਦਲ ਦਲ ਦੀ ਲੀਡਰਸ਼ਿਪ ਸੰਗਤ ਦੇ ਬਰੂਹਾਂ 'ਤੇ ਜਾਵੇਗੀ |
ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਬਾਦਲ ਦਲ ਦੀ ਹਕੂਮਤ ਸਮੇਂ ਤੇ ਬਾਅਦ ਵਿਚ ਸਿੱਖ ਸੰਸਥਾਵਾਂ ਵਿਚ ਆਏ ਨਿਘਾਰ ਨੂੰ ਸੁਧਾਰਨ ਲਈ ਨਵੀਂ ਸਿੱਖ ਲੀਡਰਸ਼ਿਪ ਹੀ ਸਫ਼ਲ ਹੋ ਸਕਦੀ ਹੈ | ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਸ ਦੇ ਆਸਾਰ ਅਜੇ ਮੱਧਮ ਹਨ ਪਰ ਜਦ ਵੀ ਹੋਣਗੀਆਂ, ਇਸ ਵਾਰ ਉਹ ਨਵਾਂ ਸਿੱਖ ਇਤਿਹਾਸ ਰਚਣਗੀਆਂ |