
ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਥੋੜ੍ਹੀ ਦੇਰ ’ਚ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ‘ਲਾਵਾਂ’ ਲੈਣਗੇ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਮੁੱਖ ਮੰਤਰੀ ਮਾਨ ਦੀ ਹੋਣ ਵਾਲੀ ਪਤਨੀ ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਥੋੜ੍ਹੀ ਦੇਰ ’ਚ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ‘ਲਾਵਾਂ’ ਲੈਣਗੇ।
ਉਹਨਾਂ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਖ਼ਾਸ ਮਹਿਮਾਨ ਪਹੁੰਚ ਚੁੱਕੇ ਹਨ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। ਇਸ ਤਸਵੀਰ ਨੂੰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੇਅਰ ਕੀਤਾ ਹੈ। ਉਹਨਾਂ ਲਿਖਿਆ, “ਸਾਡੇ ਵੀਰ ਦਾ ਵਿਆਹ, ਸਾਨੂੰ ਗੋਡੇ-ਗੋਡੇ ਚਾਅ’।
ਰਾਘਵ ਚੱਢਾ ਨੇ ਕਿਹਾ ਕਿ ਅੱਜ ਮੇਰੇ ਵੱਡੇ ਭਰਾ ਦੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਹੋਣ ਜਾ ਰਿਹਾ ਹੈ। ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ। ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ CM ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ’ਤੇ ਆਪਣਾ ਮਿਹਰ ਭਰਿਆ ਹੱਥ ਰੱਖੇ।
ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚ ਚੁੱਕੇ ਹਨ। ਪੱਤਰਕਾਰਾਂ ਨਾਲ ਗੱਲ਼ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਮੇਰਾ ਛੋਟਾ ਭਰਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਰੱਬ ਉਹਨਾਂ ਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ।
ਦੱਸ ਦੇਈਏ ਕ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਅਨੰਦ ਕਾਰਜ ਸੀਐਮ ਹਾਊਸ ਵਿਖੇ ਹੀ ਹੋਣਗੇ। ਵਿਆਹ ਦਾ ਪ੍ਰੋਗਰਾਮ ਸਾਦਾ ਰਖਿਆ ਗਿਆ ਹੈ। ਇਸ ਵਿਚ ਦੋਵੇਂ ਪ੍ਰਵਾਰਾਂ ਦੇ ਖ਼ਾਸ ਖ਼ਾਸ ਰਿਸ਼ਤੇਦਾਰ ਅਤੇ 'ਆਪ' ਦੇ ਕੁੱਝ ਖ਼ਾਸ ਆਗੂ ਸ਼ਾਮਲ ਹੋਏ ਹਨ।