
ਮੁੱਖ ਮੰਤਰੀ ਭਗਵੰਤ ਮਾਨ ਦੇ ਸਿਰ ਵਿਆਹ ਦਾ ਸਿਹਰਾ ਅੱਜ ਸਜੇਗਾ ਦੂਜੀ ਵਾਰ
ਪਿਹੋਵਾ ਦੀ ਡਾਕਟਰ ਗੁਰਪੀ੍ਰਤ ਕੌਰ ਨਾਲ ਬੱਝਣਗੇ ਵਿਆਹ ਦੇ ਬੰਧਨ 'ਚ
ਚੰਡੀਗੜ੍ਹ, 6 ਜੁਲਾਈ (ਗੁਰਉੁਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੂਜਾ ਵਿਆਹ 7 ਜੁਲਾਈ ਨੂੰ ਹੋ ਰਿਹਾ ਹੈ | ਇਹ ਖ਼ਬਰ ਅੱਜ ਅਚਾਨਕ ਹੀ ਸਾਹਮਣੇ ਆਉਣ ਬਾਅਦ ਸੱਭ ਹੈਰਾਨ ਰਹਿ ਗਏ | ਮਾਨ ਦਾ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ 2015 ਵਿਚ ਤਲਾਕ ਹੋ ਗਿਆ ਸੀ ਅਤੇ ਉਹ ਅਪਣੇ ਦੋ ਬੱਚਿਆਂ ਇਕ ਬੇਟੀ ਅਤੇ ਇਕ ਬੇਟੇ ਨਾਲ ਅਮਰੀਕਾ ਰਹਿ ਰਹੇ ਹਨ |
ਭਗਵੰਤ ਮਾਨ ਦਾ ਦੂਜਾ ਵਿਆਹ ਹੁਣ ਅੰਬਾਲਾ ਦੇ ਮੁਲਾਨਾ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਦੀ ਡਿਗਰੀ ਪ੍ਰਾਪਤ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਣ ਜਾ ਰਿਹਾ ਹੈ | ਗੁਰਪ੍ਰੀਤ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਹੈ ਤੇ ਉਨ੍ਹਾਂ ਦੇ ਪਿਤਾ ਇਕ ਕਿਸਾਨ ਹਨ | ਮਿਲੀ ਜਾਣਕਾਰੀ ਮੁਤਾਬਕ ਮਾਨ ਦਾ ਗੁਰਪ੍ਰੀਤ ਨਾਲ 2019 ਤੋਂ ਹੀ ਮੇਲ ਜੋਲ ਸੀ ਜਦ ਉਹ ਸੰਸਦ ਮੈਂਬਰ ਬਣੇ ਸਨ | ਭਗਵੰਤ ਮਾਨ ਦੀ ਭੈਣ ਤੇ ਮਾ ਨਾਲ ਵੀ ਪਿਛਲੇ ਡੇਢ ਦੋ ਸਾਲ ਤੋਂ ਗੁਰਪ੍ਰੀਤ ਦਾ ਲਗਾਤਾਰ ਸੰਪਰਕ ਸੀ ਅਤੇ ਇਸ ਰਿਸ਼ਤੇ ਦੀ
ਚੋਣ ਮਾਨ ਦੀ ਭੈਣ ਤੇ ਮਾਂ ਨੇ ਹੀ ਕੀਤੀ ਹੈ | ਭਗਵੰਤ ਮਾਨ ਦੀ ਮਾਂ ਹਰਪਾਲ ਕੌਰ ਦੀ ਇੱਛਾ ਸੀ ਕਿ ਮਾਨ ਹੁਣ ਅਪਣਾ ਘਰ ਵਸਾਏ | ਮਾਨ ਦੇ ਵਿਆਹ ਦੀ ਖ਼ਬਰ ਅੱਜ ਬਾਹਰ ਆਉਂਦੇ ਹੀ ਸਵੇਰ ਤੋਂ ਟੀ.ਵੀ. ਚੈਨਲਾਂ ਦਾ ਜਮਾਵੜਾ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਸਾਹਮਣੇ ਲਗਣਾ ਸ਼ੁਰੂ ਹੋ ਗਿਆ ਸੀ ਅਤੇ ਮਾਨ ਦੇ ਵਿਆਹ ਦੀ ਤਿਆਰੀ ਲਈ ਕੇਟਰਿੰਗ, ਡੈਕੋਰੇਸ਼ਨ ਸਮੇਤ ਹੋਰ ਸਮਾਨ ਵੀ ਅੱਜ ਕੋਠੀ ਪਹੁੰਚਣਾ ਸ਼ੁਰੂ ਹੋ ਗਿਆ | ਪਤਾ ਲੱਗਾ ਹੈ ਕਿ ਵਿਆਹ ਦੇ ਸਾਰੇ ਪ੍ਰਬੰਧ ਰਾਘਵ ਚੱਢਾ ਖ਼ੁਦ ਦੇਖ ਰਹੇ ਹਨ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਵੀ ਪ੍ਰਬੰਧਾਂ ਵਿਚ ਲੱਗੇ ਹੋਏ ਸਨ |
ਡੱਬੀ
ਅਨੰਦ ਕਾਰਜ ਸੈਕਟਰ 8 ਦੇ ਗੁਰਦਵਾਰਾ ਸਾਹਿਬ ਤੇ ਬਾਕੀ ਪ੍ਰੋਗਰਾਮ ਸਰਕਾਰੀ ਕੋਠੀ ਵਿਚ ਹੀ ਹੋਵੇਗਾ
ਭਗਵੰਤ ਮਾਨ ਦਾ ਵਿਆਹ ਸਿੱਖ ਮਰਿਆਦਾ ਅਨੁਸਾਰ ਹੋਵੇਗਾ | ਅਨੰਦ ਕਾਰਜ ਸੈਕਟਰ 8 ਦੇ ਗੁਰਦਵਾਰਾ 10ਵੀਂ ਪਾਤਸ਼ਾਹੀ ਵਿਖੇ ਹੋਣਗੇ ਅਤੇ ਬਾਕੀ ਪ੍ਰੋਗਰਾਮ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਹੀ ਹੋਣਗੇ | ਮਿਲੀ ਜਾਣਕਾਰੀ ਮੁਤਾਬਕ ਵਿਆਹ ਦਾ ਪ੍ਰੋਗਰਾਮ ਸਾਦਾ ਰਖਿਆ ਗਿਆ ਹੈ | ਇਸ ਵਿਚ ਦੋਵੇਂ ਪ੍ਰਵਾਰਾਂ ਦੇ ਖ਼ਾਸ ਖ਼ਾਸ ਰਿਸ਼ਤੇਦਾਰ ਅਤੇ 'ਆਪ' ਦੇ ਕੁੱਝ ਖ਼ਾਸ ਆਗੂ ਸ਼ਾਮਲ ਹੋਣਗੇ | ਪਾਰਟੀ ਮੁਖੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪ੍ਰਵਾਰ ਸਮੇਤ ਪੁੱਜਣਗੇ | ਵਿਆਹ ਦੀਆਂ ਰਸਮਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੁਆਲੇ ਸੁਰੱਖਿਆ ਹੋਰ ਸਖ਼ਤ ਕਰ ਦਿਤੀ ਗਈ ਹੈ ਅਤੇ ਮੀਡੀਆ ਨੂੰ ਵੀ ਦੂਰ ਹੀ ਰਖਿਆ ਜਾ ਰਿਹਾ ਹੈ |