ਭਗਵੰਤ ਮਾਨ ਨੇ ਵਪਾਰੀਆਂ ਨੂੰ ਕਿਹਾ, ਹੁਣ ਉਨ੍ਹਾਂ ਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਹੁਣ ਪੰਜਾਬ ਵਿਚ ਲੋਕਾਂ ਦੀ ਆਪਣੀ ਸਰਕਾਰ ਹੈ
Jalandhar News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਜਲੰਧਰ ਸ਼ਹਿਰ ਦੇ ਵੱਖ-ਵੱਖ ਕਿੱਤਿਆਂ ਨਾਲ਼ ਸੰਬੰਧਿਤ ਛੋਟੇ ਦੁਕਾਨਦਾਰਾਂ ਅਤੇ ਵਪਾਰ ਮੰਡਲ ਨਾਲ਼ ਮੀਟਿੰਗ ਕਰਕੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤਾ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਮਾਨ ਨੇ ਵਪਾਰੀਆਂ ਨਾਲ ਉਨ੍ਹਾਂ ਦੇ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਵੀ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੇ ਕਈ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਅਤੇ ਕੁਝ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਵੱਖ-ਵੱਖ ਕਿੱਤਿਆਂ ਨਾਲ਼ ਸੰਬੰਧਿਤ ਛੋਟੇ ਦੁਕਾਨਦਾਰਾਂ ਅਤੇ ਵਪਾਰ ਮੰਡਲ ਨੂੰ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਮੋਹਿੰਦਰ ਭਗਤ ਨੂੰ ਭਾਰੀ ਬਹੁਮਤ ਨਾਲ ਆਪਣਾ ਵਿਧਾਇਕ ਚੁਣ ਕੇ ਵਿਧਾਨ ਸਭਾ ਵਿਚ ਭੇਜਣ, ਮੈਂ (ਮਾਨ) ਮੋਹਿੰਦਰ ਭਗਤ ਨੂੰ ਮੰਤਰੀ ਦਾ ਅਹੁਦਾ ਦੇਵਾਂਗਾ, ਤਾਂ ਜੋ ਮੋਹਿੰਦਰ ਭਗਤ ਜਲੰਧਰ ਮਾਣਨੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਉੱਤੇ ਹੱਲ ਕਰ ਸਕਣ।
ਮੁੱਖ ਮੰਤਰੀ ਭਗਵੰਤ ਮਾਨ ਨੇ ਵਪਾਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸੁਣਿਆ ਤੇ ਸਮਝਿਆ, ਨਾਲ਼ ਹੀ ਇਹ ਭਰੋਸਾ ਦਿਵਾਇਆ ਕਿ ਹੁਣ ਉਨ੍ਹਾਂ ਨੂੰ ਬਿਲਕੁਲ ਵੀ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਹੁਣ ਪੰਜਾਬ ਵਿਚ ਲੋਕਾਂ ਦੀ ਆਪਣੀ ਸਰਕਾਰ (ਆਮ ਆਦਮੀ ਪਾਰਟੀ ਦੀ ਸਰਕਾਰ) ਹੈ।
ਮਾਨ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਅਤੇ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਵਿੱਚ ਵਪਾਰ ਜਗਤ ਦਾ ਬਹੁਤ ਹੀ ਅਹਿਮ ਯੋਗਦਾਨ ਹੈ। ਉਦਯੋਗਾਂ ਦੇ ਵਿਕਾਸ ਨਾਲ ਹੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਸੂਬੇ ਦਾ ਮਾਲੀਆ ਵੀ ਉਦਯੋਗ ਅਤੇ ਵਪਾਰ ਕਰਕੇ ਹੀ ਵਧ ਸਕਦਾ ਹੈ। ਮਾਨ ਨੇ ਕਿਹਾ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਸੀਂ ਪੂਰੀ ਤਰ੍ਹਾਂ ਨਾਲ ਵਚਨਬੱਧ ਹਾਂ।
ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਦੇ ਕਈ ਪ੍ਰਤਿਭਾਸ਼ਾਲੀ ਲੋਕ ਵਿਦੇਸ਼ਾਂ ਤੋਂ ਵਾਪਸ ਆਪਣੇ ਦੇਸ਼ ਪੰਜਾਬ ਆ ਗਏ ਹਨ ਅਤੇ ਇੱਥੇ ਨਵੇਂ ਕਿਸਮ ਦੇ ਕਾਰੋਬਾਰ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਕਾਰੋਬਾਰੀਆਂ ਤੋਂ ਹਿੱਸਾ ਮੰਗਿਆ ਜਾਂਦਾ ਸੀ, ਜਿਸ ਕਾਰਨ ਉਹ ਪੰਜਾਬ ਛੱਡ ਕੇ ਜਾਂ ਤਾਂ ਵਿਦੇਸ਼ ਜਾਂ ਦੂਜੇ ਸੂਬਿਆਂ ਵਿੱਚ ਚਲੇ ਜਾਂਦੇ ਸਨ, ਪਰੰਤੂ ਹੁਣ ਪੰਜਾਬ ਵਿਚ ਇਕ ਇਮਾਨਦਾਰ ਸਰਕਾਰ ਹੈ, ਜੋ ਵਪਾਰੀਆਂ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਠੋਸ ਕਦਮ ਚੁੱਕ ਰਹੀ ਹੈ।