
ਪੰਜਾਬ ਦੇ ਸਕੂਲ ਸਿਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਮੰਤਰੀ ਮੰਡਲ ਵਲੋਂ ਸਰਕਾਰੀ ਸਕੂਲਾਂ
ਚੰਡੀਗੜ੍ਹ, 6 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਸਕੂਲ ਸਿਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਮੰਤਰੀ ਮੰਡਲ ਵਲੋਂ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਸਮਾਰਟ ਫ਼ੋਨ ਵੰਡਣ ਦੇ ਲਏ ਗਏ ਫ਼ੈਸਲੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕੀਤਾ ਹੈ। ਅੱਜੇ ਏਥੇ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ 12ਵੀਂ ਜਮਾਤ ਦੇ 1,73,823 ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡਣ ਦਾ ਫ਼ੈਸਲਾ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਵਾਅਦੇ ਨੂੰ ਪੂਰਾ ਕੀਤਾ ਹੈ।
ਉਨਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਮਦੇਨਜ਼ਰ ਸਕੂਲ ਸਿਖਿਆ ਵਿਭਾਗ ਨੂੰ ਆਨਲਾਈਨ ਸਿਖਿਆ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਰਿਹਾ ਹੈ ਜਿਸ ਕਰ ਕੇ ਇਹ ਸਮਾਰਟ ਫ਼ੋਨ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੋਣਗੇ ਕਿਉਕਿ ਅਨੇਕਾਂ ਵਿਦਿਆਰਥੀਆਂ ਦੇ ਮਾਂ-ਪਿਉ ਗ਼ਰੀਬੀ ਦੇ ਕਾਰਨ ਅਪਣੇ ਬੱਚਿਆਂ ਨੂੰ ਸਮਾਰਟ ਫ਼ੋਨ ਲੈ ਕੇ ਦੇਣ ਲਈ ਅਸਮਰਥ ਹਨ।
ਸ਼੍ਰੀ ਸਿੰਗਲਾ ਨੇ ਕਿਹਾ ਕਿ 12 ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਹਰ ਹਾਲਤ ਵਿਚ ਲਗਾਤਾਰ ਜਾਰੀ ਰਹਿਣੀ ਜ਼ਰੂਰੀ ਹੈ ਅਤੇ ਇਹ ਸਮਾਰਟ ਫ਼ੋਨ ਉਨ੍ਹਾਂ ਦੀ ਇਸ ਲੋੜ ਨੂੰ ਪੂਰਾ ਕਰਨਗੇ। ਜ਼ਿਕਰਯੋਗ ਹੈ ਕਿ ਤਕਰੀਬਨ 50 ਹਜ਼ਾਰ ਫ਼ੋਨਾਂ ਖੇਪ ਸੂਬਾ ਸਰਕਾਰ ਕੋਲ ਛੇਤੀਂ ਹੀ ਪਹੁੰਚ ਰਹੀ ਹੈ ਅਤੇ ਸੂਬਾ ਸਰਕਾਰ ਨੇ ਇਨਾਂ ਸਮਾਰਟ ਫ਼ੋਨਾਂ ਦੀ ਵੰਡ ਦਾ ਕੰਮ ਨਵੰਬਰ ਤਕ ਪੂਰਾ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਇਨ੍ਹਾਂ ਸਮਾਰਟ ਫ਼ੋਨਾਂ ਵਿਚ ਕਈ ਤਰ੍ਹਾਂ ਦੇ ਫੀਚਰ ਹਨ।