
ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ‘ਜਥੇਦਾਰ’ ਕੋਲੋਂ ਕੀਤੀ ਮੰਗ
ਅੰਮ੍ਰਿਤਸਰ, 6 ਅਗੱਸਤ (ਪਰਮਿੰਦਰਜੀਤ): ਮਾਲਵੇ ਦਾ ਹਰਿਮੰਦਰ ਸਾਹਿਬ ਮਾਮਲਾ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਆਏ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ‘ਜਥੇਦਾਰ’ ਕੋਲੋਂ ਮੰਗ ਕੀਤੀ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਕੇ ਸਖ਼ਤ ਸਜ਼ਾ ਲਗਾਈ ਜਾਵੇ।
ਸ. ਫੱਗੂਵਾਲਾ ਨੇ ਮੰਗ ਕੀਤੀ ਕਿ ਸਾਲ 2009 ਵਾਲਾ ਅਕਾਲ ਤਖ਼ਤ ਸਾਹਿਬ ਤੋਂ ਗੁਰਦਵਾਰਾ ਮਸਤੂਆਣਾ ਸਾਹਿਬ ਬਾਰੇ ਜਾਰੀ ਹੁਕਮਨਾਮਾ ਲਾਗੂ ਕਰਵਾਇਆ ਜਾਵੇ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕਰ ਕੇ ਸਖ਼ਤ ਸਜ਼ਾ ਦਿਤੀ ਜਾਵੇ ਤਾਕਿ ਭਵਿੱਖ ਵਿਚ ਕੋਈ ਵੀ ਵਿਅਕਤੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਦੀ ਜੁਅਰਤ ਨਾ ਕਰ ਸਕੇ। ਸ.ਫੱਗੂਵਾਲਾ ਨੇ ਕਿਹਾ ਕਿ ਗੁਰਦਵਾਰਾ ਮਸਤੂਆਣਾ ਸਾਹਿਬ ਵਿਖੇ ਗੁਰਮਤਿ ਵਿਚਾਰਧਾਰਾ ਦੀ ਉਲੰਘਣਾ ਹੋ ਰਹੀ ਹੈ। ਢੀਂਡਸਾ ਨੇ ਗੁਰੂ ਘਰ ਨੂੰ ਆਰ.ਐਸ.ਐਸ ਦਾ ਅੱਡਾ ਬਣਾਇਆ ਹੋਇਆ ਹੈ।
ਸ੍ਰੀ ਦਰਬਾਰ ਸਾਹਿਬ ਦੀ ਨਕਲ ਤੇ ਗੁਰਦਵਾਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਜਿਸ ਨੂੰ ਪੰਥ ਕਦੇ ਵੀ ਪ੍ਰਵਾਨ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸਾਲ 2009 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਇਮਾਰਤ ਵਿਚ ਤਬਦੀਲੀਆਂ ਕਰਨ ਦਾ ਆਦੇਸ਼ ਹੋਇਆ ਸੀ ਪਰ ਢੀਂਡਸਾ ਨੇ ਤਬਦੀਲੀਆਂ ਨਹੀਂ ਕਰਨ ਦਿਤੀਆਂ। ਉਨ੍ਹਾਂ ਕਿਹਾ,‘‘ਮੈਂ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਉਨ੍ਹਾਂ ਨੂੂੰ ਮਿਲਿਆ ਸੀ ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਉਹ ਜਲਦ ਹੀ ਕਾਰਵਾਈ ਕਰਨਗੇ ਪਰ ਅਜਿਹਾ ਨਹੀਂ ਹੋ ਸਕਿਆ।’’