
ਪੇਗਾਸਸ ਤੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਦੋਹਾਂ ਸਦਨਾਂ ’ਚ ਜ਼ੋਰਦਾਰ ਹੰਗਾਮਾ
ਨਵੀਂ ਦਿੱਲੀ, 6 ਅਗੱਸਤ : ਪੇਗਾਸਸ ਜਾਸੂਸੀ ਵਿਵਾਦ ਅਤੇ ਤਿੰਨ ਖੇਤੀ ਕਾਨੂੰਨਾਂ ਸਮੇਤ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਜ਼ੋਰਦਾਰ ਹੰਗਾਮੇ ਕਾਰਨ ਸੰਸਦ ਦੇ ਦੋਨੇ ਸਦਨਾਂ ਰਾਜ ਸਭਾ ਅਤੇ ਲੋਕ ਸਭਾ ਕਾਰਵਾਈ ਕਈ ਵਾਰ ਮੁਲਤਵੀ ਹੋਣ ਦੇ ਬਾਅਦ ਪੂਰੇ ਦਿਨ ਲਈ ਉਠਾ ਦਿਤੀ ਗਈ।
ਰਾਜ ਸਭਾ ’ਚ ਸਦਨ ਦੀ ਕਾਰਵਾਈ ਸ਼ੁਰੂ ਹੋਣ ਦੇ ਕੁੱਝ ਦੇਰ ਬਾਅਦ ਹੀ ਦੁਪਹਿਰ 12 ਵਜੇ ਤਕ ਮੁਲਤਵੀ ਕਰ ਦਿਤੀ ਗਈ। ਦੁਪਹਿਰ ਨੂੰ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ’ਤੇ ਵੀ ਸਦਨ ’ਚ ਹੰਗਾਮਾ ਜਾਰੀ ਰਿਹਾ ਅਤੇ ਵਿਰੋਧੀ ਧਿਰਾਂ ਦੇ ਮੈਂਬਰ ਸਪੀਕਰ ਕੋਲ ਆ ਕੇ ਨਾਹਰੇਬਾਜ਼ੀ ਕਰਨ ਲੱਗੇ। ਕੁੱਝ ਮੈਂਬਰਾਂ ਦੇ ਹੱਥਾਂ ਵਿਚ ਤਖ਼ਤੀਆਂ ਵੀ ਸਨ। ਸਪੀਕਰ ਸੁਰੇਂਦਰ ਸਿੰਘ ਨਾਗਰ ਨੇ ਹੰਗਾਮੇ ਦੌਰਾਨ ਹੀ ਪ੍ਰਸ਼ਨਕਾਰ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੰਤਰੀਆਂ ਨੇ ਕੁੱਝ ਸਵਾਲਾਂ ਦੇ ਜਵਾਬ ਵੀ ਦਿਤੇ। ਹਾਲਾਂਕਿ ਸਦਨ ’ਚ ਭਾਰੀ ਸ਼ੋਰ ਸ਼ਰਾਬੇ ਕਾਰਨ ਉਨ੍ਹਾਂ ਦੀ ਗੱਲ ਠੀਕ ਢੰਗ ਨਾਲ ਨਹੀਂ ਸੁਣੀ ਜਾ ਸਕੀ। ਸਦਨ ’ਚ ਵਿਵਸਥਾ ਨਹੀਂ ਬਣਦੀ ਦੇਖ ਦੇ ਚੇਅਰ ਲੇ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ। ਇਸ ਦੌਰਾਨ ਦੋਨਾਂ ਸਦਨਾਂ ਵਿਚ ਟੋਕੀਉ ਉਲੰਪਿਕ ਪਹਿਲਵਾਨ ਰਵੀ ਕੁਮਾਰ ਦਾਹੀਆ ਵਲੋਂ ਪੁਰਸ਼ਾਂ ਦੇ 57 ਕਿਲੋ ਭਾਰ ਵਰਗ ’ਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਵਧਾਈ ਦਿਤੀ ਗਈ।
ਇਸੇ ਤਰ੍ਹਾਂ ਲੋਕ ਸਭਾ ਵਿਚ ਵੀ ਪੇਗਾਸਸ ਜਾਸੂਸੀ ਮਾਮਲੇ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਜਾਰੀ ਰਿਹਾ ਜਿਸ ਕਾਰਨ ਲੋਕ ਸਭਾ ਦੀ ਕਾਰਵਾਈ ਵੀ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਵਿਰੋਧੀ ਧਿਰਾਂ ਦੀ ਨਾਹਰੇਬਾਜ਼ੀ ਦੌਰਾਨ ਹੀ ਸਦਨ ਨੇ ‘ਟੈਕਸੇਸ਼ਨ ਕਾਨੂੰਨ (ਸੋਧ) ਬਿੱਲ, 2021’ ਅਤੇ ‘ਕੇਂਦਰੀ ਯੂਨੀਵਰਸਿਟੀ (ਸੋਧ) ਬਿੱਲ, 2021’ ਨੂੰ ਮਨਜ਼ੂਰੀ ਦੇ ਦਿਤੀ।
ਇਸ ਦੇ ਬਾਅਦ ਜਿਵੇਂ ਹੀ ਲੋਕ ਸਭਾ ਸਪੀਕਰ ਉਮ ਬਿਰਲਾ ਨੇ ਪ੍ਰਸ਼ਨਕਾਲ ਸ਼ੁਰੂ ਕਰਾਇਆ, ਤਾਂ ਕਾਂਗਰਸ, ਤ੍ਰਿਣਮੂਲ ਕਾਂਗਰਸ ਦੇ ਮੈਂਬਰ ਨਾਹਰੇਬਾਜ਼ੀ ਕਰਦੇ ਹੋਏ ਸਪੀਕਰ ਦੇ ਕੋਲ ਆ ਗਏ। ਹੰਗਾਮੇ ਦੌਰਾਨ ਹੀ ਕੇਂਦਰੀ ਮੰਤਰੀਆਂ ਭਾਰਤੀ ਪ੍ਰਵੀਣ ਪਵਾਰ, ਭੁਪਿੰਦਰ ਯਾਦਵ, ਸਮਰਿਤੀ ਇਰਾਨੀ ਨੇ ਸਬੰਧਤ ਮੰਤਰਾਲਿਆਂ ਨਾਲ ਜੁੜੇ ਸਵਾਲਾਂ ਦੇ ਜਵਾਬ ਦਿਤੇ। (ਏਜੰਸੀ)