
ਦਿਵਿਆ ਨੇ ਅਰਵਿੰਦ ਕੇਜਰੀਵਾਲ 'ਤੇ ਦਿੱਲੀ ਦੇ ਖਿਡਾਰੀਆਂ ਦੀ ਮਦਦ ਨਾ ਕਰਨ ਦਾ ਦੋਸ਼ ਲਗਾਇਆ ਹੈ।
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਤਮਗ਼ੇ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਅਥਲੀਟ ਦਿਵਿਆ ਕਾਕਰਾਨ ਨੇ ਉਨ੍ਹਾਂ ਦੀਆਂ ਵਧਾਈਆਂ 'ਤੇ ਪਲਟਵਾਰ ਕੀਤਾ ਹੈ। ਦਿਵਿਆ ਨੇ ਅਰਵਿੰਦ ਕੇਜਰੀਵਾਲ 'ਤੇ ਦਿੱਲੀ ਦੇ ਖਿਡਾਰੀਆਂ ਦੀ ਮਦਦ ਨਾ ਕਰਨ ਦਾ ਦੋਸ਼ ਲਗਾਇਆ ਹੈ।
ਦਿਵਿਆ ਨੇ ਟਵੀਟ ਕਰਦਿਆਂ ਲਿਖਿਆ, "ਮੈਨੂੰ ਮੈਡਲ ਲਈ ਵਧਾਈ ਦੇਣ ਲਈ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ। ਮੇਰੀ ਤੁਹਾਨੂੰ ਬੇਨਤੀ ਹੈ ਕਿ ਮੈਂ ਪਿਛਲੇ 20 ਸਾਲਾਂ ਤੋਂ ਦਿੱਲੀ ਵਿੱਚ ਰਹਿ ਕੇ ਆਪਣੀ ਖੇਡ ਕੁਸ਼ਤੀ ਦਾ ਅਭਿਆਸ ਕਰ ਰਹੀ ਹਾਂ। ਅੱਜ ਤੱਕ ਮੈਨੂੰ ਸੂਬਾ ਸਰਕਾਰ ਵੱਲੋਂ ਕੋਈ ਇਨਾਮ ਜਾਂ ਕੋਈ ਮਦਦ ਨਹੀਂ ਦਿੱਤੀ ਗਈ ਹੈ।"
tweet
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਰਾਸ਼ਟਰਮੰਡਲ ਖੇਡਾਂ 'ਚ ਤਮਗ਼ਾ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਵਿਨੇਸ਼ ਫੋਗਾਟ ਅਤੇ ਨਵੀਨ ਕੁਮਾਰ ਨੇ ਕੁਸ਼ਤੀ 'ਚ ਸੋਨ, ਦੀਪਕ ਨਹਿਰਾ, ਪੂਜਾ ਗਹਿਲੋਤ ਅਤੇ ਪੂਜਾ ਸਿਹਾਗ ਨੇ ਕਾਂਸੀ ਦੇ ਤਮਗ਼ੇ ਹਾਸਲ ਕੀਤੇ ਹਨ। ਮੁੱਕੇਬਾਜ਼ ਮੁਹੰਮਦ ਹਸਮੁਦੀਨ ਅਤੇ ਰੋਹਿਤ ਟੋਕਸ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਪੈਰਾ-ਟੇਬਲ ਟੈਨਿਸ ਵਿੱਚ ਭਾਵਨਾ ਪਟੇਲ ਨੇ ਗੋਲਡ ਅਤੇ ਸੋਨਲਬੇਨ ਪਟੇਲ ਨੇ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਸਾਰੇ ਜੇਤੂ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ।
tweet
ਦੱਸਣਯੋਗ ਹੈ ਕਿ ਦਿਵਿਆ ਨੇ ਪਹਿਲਾਂ ਵੀ ਖਿਡਾਰੀਆਂ ਨੂੰ ਸਮਰਥਨ ਨਾ ਮਿਲਣ ਦਾ ਮੁੱਦਾ ਚੁੱਕਿਆ ਸੀ, ਦਿਵਿਆ ਅਰਜੁਨ ਐਵਾਰਡ ਨਾਲ ਸਨਮਾਨਿਤ ਖਿਡਾਰਨ ਹੈ। ਉਸਨੇ ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਖੇਡਾਂ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪਾਂ ਵਿੱਚ ਤਮਗ਼ੇ ਜਿੱਤੇ ਹਨ। 2018 ਵਿੱਚ, ਦਿਵਿਆ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਖਿਡਾਰੀਆਂ ਨੂੰ ਲੋੜੀਂਦਾ ਸਮਰਥਨ ਨਾ ਮਿਲਣ ਦਾ ਮੁੱਦਾ ਉਠਾਇਆ ਸੀ।
ਉਸ ਨੇ ਕਿਹਾ ਸੀ ਕਿ ਮੈਂ ਰਾਸ਼ਟਰਮੰਡਲ ਖੇਡਾਂ 'ਚ ਤਮਗ਼ਾ ਜਿੱਤਿਆ ਸੀ, ਇਸ ਲਈ ਤੁਸੀਂ ਕਿਹਾ ਸੀ ਕਿ ਮੈਨੂੰ ਭਵਿੱਖ 'ਚ ਹੋਰ ਮਦਦ ਮਿਲੇਗੀ ਪਰ ਬਾਅਦ 'ਚ ਮੇਰੇ ਫੋਨ ਦਾ ਜਵਾਬ ਨਹੀਂ ਆਇਆ। ਇਹ ਚੰਗਾ ਹੈ ਕਿ ਤੁਸੀਂ ਅੱਜ ਸਾਨੂੰ ਵਧਾਈ ਅਤੇ ਇਨਾਮ ਦੇ ਰਹੇ ਹੋ, ਪਰ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਲੋੜ ਸੀ, ਕੋਈ ਸਹਿਯੋਗ ਨਹੀਂ ਦਿੱਤਾ ਗਿਆ।