
ਭਾਜਪਾ ਪੰਜਾਬ ਦੇ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਦਾ ਕਰ ਰਹੀ ਹੈ ਯਤਨ
'Virasat-e-Khalsa' to be established in Haryana on the lines of Punjab : 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦੇ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਿੱਖਾਂ ਨੂੰ ਲੁਭਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਸਥਿਤ ਵਿਰਾਸਤ-ਏ-ਖਾਲਸਾ ਦੀ ਤਰਜ਼ ’ਤੇ ਕੁਰੂਕਸ਼ੇਤਰ ਵਿੱਚ ਤਿੰਨ ਏਕੜ ਵਿੱਚ ਸਿੱਖ ਅਜਾਇਬ ਘਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਕੁਰੂਕਸ਼ੇਤਰ ’ਚ ਪੰਜ ਏਕੜ ਵਿੱਚ ਗੁਰੂ ਰਵਿਦਾਸ ਅਜਾਇਬ ਘਰ ਅਤੇ ਭਵਨ ਬਣਾਉਣ ’ਤੇ ਵੀ ਕੰਮ ਕਰ ਰਹੀ ਹੈ।
ਸੈਣੀ ਸਰਕਾਰ ਨੇ ਇਸ ਅਜਾਇਬ ਘਰ ਲਈ ਸਲਾਹਕਾਰ ‘ਸਪਲੈੱਟ ਮੀਡੀਆ’ ਨੂੰ ਕੰਮ ਸੌਂਪਿਆ ਹੈ । ਇਸ ’ਤੇ 115 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਆਉਣ ਦੀ ਸੰਭਾਵਨਾ ਹੈ। ਅਜਾਇਬ ਘਰ ਦੀ ਨੀਂਹ ਨਵੰਬਰ ਵਿੱਚ ਰੱਖੀ ਜਾਵੇਗੀ ਅਤੇ ਇਸ ਨੂੰ ਦੋ ਸਾਲਾਂ ਵਿੱਚ ਤਿਆਰ ਕਰਕੇ ਦਰਸ਼ਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਅਜਾਇਬ ਘਰ ਵਿੱਚ ਸਿੱਖ ਧਰਮ ਦੀ ਬੁਨਿਆਦ, ਖਾਲਸਾ ਪੰਥ ਦੀ ਸਥਾਪਨਾ ਤੇ ਉਭਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਅਧੀਨ ਸਿੱਖ ਸਾਮਰਾਜ ਬਾਰੇ ਚਾਨਣਾ ਪਾਇਆ ਜਾਵੇਗਾ। ਇਸ ਵਿੱਚ ਆਡੀਓ ਵਿਜ਼ੂਅਲ ਸਾਧਨਾਂ ਦੀ ਵਰਤੋਂ ਕਰ ਕੇ ਸਮਕਾਲੀ ਆਲਮੀ ਸਿੱਖ ਪਛਾਣ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।
ਹਰਿਆਣਾ ਸਰਕਾਰ ਨੇ ਗੁਰੂ ਰਵਿਦਾਸ ਅਜਾਇਬ-ਘਰ ਅਤੇ ਭਵਨ ਦੀ ਉਸਾਰੀ ਦੀ ਪ੍ਰਕਿਰਿਆ ਵਿੱਚ ਵੀ ਤੇਜ਼ੀ ਲਿਆਂਦੀ ਹੈ। ਮੁੱਖ ਮੰਤਰੀ ਸੈਣੀ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾਉਣ ਵਾਸਤੇ ਹਰਿਆਣਾ ਵਿੱਚ ਨਵੰਬਰ ਮਹੀਨੇ ਹੋਣ ਵਾਲੇ ਸਮਾਗਮਾਂ ’ਤੇ ਚਰਚਾ ਸਬੰਧੀ ਪਿਛਲੇ ਹਫ਼ਤੇ ਹੋਈ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ ਸੀ।
ਆਪਣੇ ਗ੍ਰਹਿ ਸੂਬੇ ਵਿੱਚ ਸਿੱਖਾਂ ਨਾਲ ਸਬੰਧ ਮਜ਼ਬੂਤ ਕਰਨ ਤੋਂ ਇਲਾਵਾ ਨਾਇਬ ਸੈਣੀ ਲਗਾਤਾਰ ਪੰਜਾਬ ਦਾ ਦੌਰਾ ਕਰ ਰਹੇ ਹਨ। ਮੁੱਖ ਮੰਤਰੀ ਦੇ ਇਸ ਸਾਲ ਦੀ ਸ਼ੁਰੂਆਤ ਰੋਪੜ ਵਿੱਚ ਸੈਣੀ ਸੰਮੇਲਨ ਅਤੇ ਗੁਆਂਢੀ ਸੂਬੇ ਦੇ ਆਗੂਆਂ ਤੇ ਕਾਰਕੁਨਾਂ ਨਾਲ ਲਗਾਤਾਰ ਮੀਟਿੰਗਾਂ ਨਾਲ ਹੋਈ ਹੈ। ਉਨ੍ਹਾਂ ਨੇ ਸੰਗਰੂਰ ਜਾ ਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਸ਼ਰਧਾਂਜਲੀ ਦਿੱਤੀ ਅਤੇ ‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਿਆ। ਊਧਮ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਸੁਨਾਮ ਦਾ ਦੌਰਾ ਕਰਕੇ ਉਨ੍ਹਾਂ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ, ‘‘ਨਾਇਬ ਸਿੰਘ ਸੈਣੀ ਕੌਮੀ ਪੱਧਰ ’ਤੇ ਪਾਰਟੀ ਦਾ ਓਬੀਸੀ ਚਿਹਰਾ ਹਨ। ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧਾਉਣ ਲਈ ਕਿਹਾ ਹੈ।’’
ਮੁੱਖ ਮੰਤਰੀ ਸੈਣੀ ਦੇ ਵੱਧ ਸਕਦੇ ਨੇ ਪੰਜਾਬ ਦੌਰੇ : ਭਾਜਪਾ ਪੰਜਾਬ ਵਿੱਚ ਆਪਣਾ ਆਧਾਰ ਵਧਾਉਣ ਅਤੇ ਸੱਤਾ ਵਿੱਚ ਵਾਪਸੀ ਲਈ ‘ਹਰਿਆਣਾ ਵਿਕਾਸ ਮਾਡਲ’ ਦੁਹਰਾਉਣਾ ਚਾਹੁੰਦੀ ਹੈ। ਭਾਜਪਾ ਆਗੂ ਨੇ ਜ਼ੋਰ ਦੇ ਕੇ ਕਿਹਾ, ‘‘ਅਸੀਂ ਵੱਖ-ਵੱਖ ਭਾਈਚਾਰਿਆਂ ਨੂੰ ਲੁਭਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ। ਅਨੁਸੂਚਿਤ ਵਰਗ ਅਤੇ ਜਨਰਲ ਵਰਗ ਵਿੱਚ ਸਾਡੀ ਸਥਿਤੀ ਕਾਫ਼ੀ ਵਧੀਆ ਹੈ, ਪਰ ਅਸੀਂ ਸਿੱਖਾਂ ਸਮੇਤ ਹੋਰ ਭਾਈਚਾਰਿਆਂ ਤੱਕ ਵੀ ਪਹੁੰਚ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਅਗਲੇ ਮਹੀਨਿਆਂ ਦੌਰਾਨ ਮੁੱਖ ਮੰਤਰੀ ਦੇ ਦੌਰੇ ਹੋਰ ਵਧਣ ਦਾ ਵੀ ਸੰਕੇਤ ਦਿੱਤਾ। 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਇਸ ਸਮੇਂ ਭਾਜਪਾ ਦੇ ਸਿਰਫ਼ ਦੋ ਵਿਧਾਇਕ ਹਨ। ਹਾਲਾਂਕਿ, ਪਾਰਟੀ ਹੁਣ ਕਿਸਾਨਾਂ ਦੇ ਨਾਲ-ਨਾਲ ਸਿੱਖ ਭਾਈਚਾਰੇ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੀ ਪੰਜਾਬ ਇਕਾਈ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਕਿਸਾਨਾਂ ਦਾ ਸਮਰਥਨ ਕਰਕੇ ਉਨ੍ਹਾਂ ਨਾਲ ਨੇੜਤਾ ਵਧਾ ਰਹੀ ਹੈ। ਭਾਜਪਾ ਨੇ 13 ਸਿੱਖ ਆਗੂਆਂ ਨੂੰ ਜ਼ਿਲ੍ਹਾ ਪ੍ਰਧਾਨ ਵੀ ਨਿਯੁਕਤ ਕੀਤਾ ਹੈ।