
ਵਿਧਾਇਕ ਸੰਧਵਾਂ ਤੇ ਉਸ ਦੇ ਸਾਥੀਆਂ ਵਿਰੁਧ ਮਾਮਲਾ ਦਰਜ
ਕੋਟਕਪੂਰਾ, 6 ਸਤੰਬਰ (ਗੁਰਿੰਦਰ ਸਿੰਘ) : ਸੀਵਰੇਜ ਠੱਪ ਅਤੇ ਪਾਣੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਦੀ ਮਦਦ 'ਤੇ ਆਏ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਉਸ ਦੇ ਸਾਥੀਆਂ ਵਿਰੁਧ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 188/283 ਤਹਿਤ ਮਾਮਲਾ ਦਰਜ ਕਰ ਦਿਤਾ। ਜ਼ਿਕਰਯੋਗ ਹੈ ਕਿ ਸ਼ਹਿਰ ਵਾਸੀ ਪਿਛਲੇ ਲੰਮੇ ਸਮੇਂ ਤੋਂ ਗਲੀ-ਮੁਹੱਲਿਆਂ ਅਤੇ ਬਾਜ਼ਾਰਾਂ 'ਚ ਜਮਾ ਹੁੰਦੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਬਹੁਤ ਦੁਖੀ ਤੇ ਪ੍ਰੇਸ਼ਾਨ ਹਨ, ਕਈ ਮੁਹੱਲਿਆਂ 'ਚ ਰੋਸ ਧਰਨੇ, ਕਈ ਥਾਂ ਪੁਤਲੇ ਫੂਕਣ ਅਤੇ ਕਈ ਵਾਰਡਾਂ 'ਚ ਅਗਾਮੀ ਹਰ ਤਰ੍ਹਾਂ ਦੀਆਂ ਵੋਟਾਂ ਦੇ ਬਾਈਕਾਟ ਦੇ ਪੋਸਟਰ ਲੱਗ ਜਾਣ ਦੇ ਬਾਵਜੂਦ ਵੀ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਮੁਹੱਲਾ ਪ੍ਰੇਮ ਨਗਰ ਦੇ ਵਸਨੀਕਾਂ ਨੇ ਸ਼ਹਿਰ ਵਿਚੋਂ ਲੰਘਦੀ ਰਾਸ਼ਟਰੀ ਰਾਜ ਮਾਰਗ ਨੰਬਰ 15 ਦੀ ਆਵਾਜਾਈ ਠੱਪ ਕਰ ਕੇ ਰੋਸ ਪ੍ਰਗਟਾਉਂਦਿਆਂ ਆਖਿਆ ਕਿ ਭਾਵੇਂ ਸ਼ਹਿਰ ਵਾਸੀ ਕੋਰੋਨਾ ਦੀ ਕਰੋਪੀ ਤੋਂ ਤਾਂ ਬਚ ਜਾਣ ਪਰ ਪਿਛਲੇ ਲੰਮੇ ਸਮੇਂ ਤੋਂ ਗਲੀ-ਮੁਹੱਲਿਆਂ ਅਤੇ ਬਜ਼ਾਰਾਂ 'ਚ ਜਮਾ ਹੋਇਆ ਗੰਦਾ ਪਾਣੀ ਉਨਾਂ ਦੇ ਘਰਾਂ, ਦੁਕਾਨਾਂ 'ਚ ਦਾਖ਼ਲ ਹੋਣ ਕਾਰਨ ਉਹ ਹੈਜ਼ਾ, ਡੇਂਗੂ, ਮਲੇਰੀਆ ਅਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਨਹੀਂ ਬਚ ਸਕਣਗੇ। ਮੁਹੱਲਾ ਵਾਸੀਆਂ ਦੀ ਮਦਦ 'ਤੇ ਆਏ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਉਸ ਦੇ ਸਾਥੀਆਂ ਨੇ ਦਸਿਆ ਕਿ ਸ਼ਹਿਰ ਵਾਸੀਆਂ ਨੇ 100 ਤੋਂ ਵੱਧ ਵਾਰ ਲਿਖਤੀ ਅਤੇ ਜੁਬਾਨੀ ਤੌਰ 'ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਸਰਕਾਰ ਤੋਂ 117 ਕਰੋੜ ਰੁਪਿਆ ਲੈ ਕੇ ਇਕ ਪ੍ਰਾਈਵੇਟ ਕੰਪਨੀ ਵਲੋਂ ਪਾਣੀ ਨਿਕਾਸੀ, ਸੀਵਰੇਜ ਦੇ ਸੁਚੱਜੇ ਪ੍ਰਬੰਧ ਅਤੇ ਸਾਫ਼ ਪਾਣੀ ਸਪਲਾਈ ਕਰਨ ਦਾ ਕੰਮ ਡੇਢ ਸਾਲ ਵਿਚ ਨਿਬੇੜਨ ਦਾ ਠੇਕਾ ਕੀਤਾ ਗਿਆ ਸੀ ਪਰ 5 ਸਾਲ ਬੀਤ ਜਾਣ ਉਪਰੰਤ ਵੀ ਸ਼ਹਿਰ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੂੰ imageਸੀਵਰੇਜ ਰਲਿਆ ਪ੍ਰਦੂਸ਼ਿਤ ਪਾਣੀ ਸਪਲਾਈ ਕਰ ਕੇ ਬਿਮਾਰੀਆਂ ਪਰੋਸੀਆਂ ਜਾ ਰਹੀਆਂ ਹਨ।