
778 ਸਰੂਪਾਂ ਬਾਰੇ 'ਰੋਜ਼ਾਨਾ ਸਪੋਕਸਮੈਨ' ਨੇ ਜਗ ਜ਼ਾਹਰ ਕੀਤੀ ਰੀਪੋਰਟ, ਸ਼੍ਰੋਮਣੀ ਕਮੇਟੀ ਤੇ 'ਜਥੇਦਾਰ' ਖ਼ਾਮੋਸ਼
ਸਿੱਖ ਦੋ ਧਿਰਾਂ ਵਿਚ ਵੰਡੇ ਜਾਣ ਦੇ ਰਾਹ ਤੁਰੇ
ਸ੍ਰੀ ਮੁਕਤਸਰ ਸਾਹਿਬ, 6 ਸਤੰਬਰ (ਰਣਜੀਤ ਸਿੰਘ): ਪਿਛਲੇ ਦਿਨਾਂ ਦੌਰਾਨ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਲਾਪਤਾ ਹੋਏ 328 ਸਰੂਪਾਂ ਅਤੇ ਕੈਨੇਡਾ ਵਿਖੇ ਸਲ੍ਹਾਬੇ ਗਏ 450 ਸਰੂਪਾਂ ਬਾਰੇ 'ਰੋਜ਼ਾਨਾ ਸਪੋਕਸਮੈਨ' ਵਲੋਂ ਜੱਗ ਜ਼ਾਹਰ ਕੀਤੀ ਗਈ ਰੀਪੋਰਟ ਉਪਰੰਤ ਹੁਣ ਅਕਾਲ ਤਖ਼ਤ ਦੇ ਜਥੇਦਾਰ ਦੇ ਹੁਕਮਨਾਮੇ ਨੂੰ ਇਲਾਹੀ ਮੰਨਣ ਵਾਲੀਆਂ ਧਿਰਾਂ ਦਿੱਲੀ ਵਿਖੇ ਗੁਰਦਵਾਰਾ ਬੰਗਲਾ ਸਾਹਿਬ ਤੋਂ ਦਸਮ ਗੰ੍ਰਥ ਦੀ ਕਥਾ 'ਚੜ੍ਹਦੀ ਕਲਾ ਟਾਈਮ ਟੀ.ਵੀ.' 'ਤੇ ਸਿੱਖਾਂ ਨੂੰ ਸਰਵਣ ਕਰਵਾ ਰਹੀਆਂ ਹਨ।
ਸਾਬਕਾ ਜਥੇਦਾਰ (ਗਿਆਨੀ ਇਕਬਾਲ ਸਿੰਘ) ਹੁਕਮਨਾਮਿਆਂ ਦੇ ਜਾਰੀ ਹੋਣ ਸਬੰਧੀ ਸੋਸ਼ਲ ਮੀਡੀਆ ਤੇ ਦਸ ਰਹੇ ਹਨ ਕਿ ਵੱਡੇ ਅਕਾਲੀ ਆਗੂ ਵਲੋਂ ਲਿਖ ਕੇ ਭੇਜੇ ਜਾਣ ਉਪਰੰਤ ਅਸੀਂ ਸਿਰਫ਼ ਪੜ੍ਹ ਦਿੰਦੇ ਰਹੇ ਹਾਂ।
ਕੈਨੇਡਾ ਵਿਖੇ ਸਲ੍ਹਾਬੇ ਗਏ 450 ਸਰੂਪਾਂ ਅਤੇ ਮਹਿੰਗੀ ਬੱਸ ਕੌਡੀਆਂ ਦੇ ਭਾਅ ਕੈਨੇਡਾ ਵਿਖੇ ਵੇਚੇ ਜਾਣ ਦੇ ਨਾਲ-ਨਾਲ ਬੱਸ ਹਾਦਸਾਗ੍ਰਸਤ ਹੋਣ ਦੇ ਝੂਠ-ਸੱਚ ਬਾਰੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਏਨੇ ਦਿਨਾਂ ਤਕ ਕੋਈ ਸਫ਼ਾਈ ਨਹੀਂ ਦਿਤੀ ਅਤੇ ਨਾ ਹੀ ਕੋਈ ਪੰਥਕ ਆਗੂ ਬੋਲਿਆ ਹੀ ਹੈ। ਸਿਆਸੀ ਧਿਰਾਂ ਨੇ ਸਾਡਾ ਧਾਰਮਕ ਖੇਤਰ ਪੂਰੀ ਤਰ੍ਹਾਂ ਅਪਣੇ ਕਬਜ਼ੇ ਵਿਚ ਕੀਤਾ ਹੋਇਆ ਹੈ ਅਤੇ ਨੇੜੇ ਭਵਿੱਖ ਵਿਚ ਇਹ ਪਕੜ ਤੋਂ ਆਜ਼ਾਦ ਹੋਣ ਸਬੰਧੀ ਆਸ਼ਾ ਦੀ ਕਿਰਨ ਵੀ ਦੂਰ-ਦੂਰ ਤਕ ਵਿਖਾਈ ਨਹੀਂ ਦੇ ਰਹੀ। ਕਈ ਸਿੱਖ ਸ਼ਖ਼ਸੀਅਤਾਂ ਨਾਲ ਇਸ ਸਬੰਧੀ ਗੱਲ ਕਰਨ 'ਤੇ ਇਹ ਸਥਿਤੀ ਪੈਦਾ ਹੋ ਗਈ ਹੈ ਕਿ ਸਿੱਖ ਦੋ ਧਿਰਾਂ ਵਿਚ ਵੰਡੇ ਦਿਸ ਰਹੇ ਹਨ, ਇਕ ਉਹ ਜੋ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਦੀ ਸਪਸ਼ਟ ਗੱਲ ਕਰਦੇ ਹਨ ਤੇ ਉਨ੍ਹਾਂ ਵਾਸਤੇ ਦੂਸਰੇ ਗ੍ਰੰਥ ਅਤੇ ਹੋਰ ਕਿਤਾਬਾਂ ਦੀ ਇਕ ਹੱਦ ਤਕ ਅਹਿਮੀਅਤ ਹੈ। ਉਕਤ ਵਿਚਾਰਾਂ ਵਾਲੇ ਸਿੱਖ, ਜਥੇਦਾਰੀ ਸਿਸਟਮ ਨੂੰ ਵੀ ਨਕਾਰ ਰਹੇ ਹਨ। ਦੂਸਰੇ ਉਹ ਸਿੱਖ ਹਨ ਜੋ ਗੁਰੂ ਗ੍ਰੰਥ ਸਾਹਿਬ, ਦਸਮ ਗੰ੍ਰਥ, ਸੂਰਜ ਪ੍ਰਕਾਸ਼, ਗੁਰਬਿਲਾਸ ਪਾਤਸ਼ਾਹੀ ਛੇਵੀਂ ਆਦਿ ਦੇ ਨਾਲ-ਨਾਲ ਜਥੇਦਾਰੀ ਸਿਸਟਮ ਨੂੰ ਸਿੱਖੀ ਦਾ ਅੰਗ ਦਸਦੇ ਹਨ। ਸਿੱਖ ਪੰਥ ਲਈ ਚੰਗਾ ਹੋਵੇਗਾ ਜੇ ਸਿਆਸੀ ਧਿਰਾਂ, ਧਾਰਮਕ ਖੇਤਰ ਤੋਂ ਅਪਣਾ ਕਬਜ਼ਾ ਛੱਡ ਕੇ ਸਿਰਫ਼ ਸਿਆਸੀ ਖੇਤਰ ਵਿਚ ਅਪਣਾ ਯੋਗਦਾਨ ਪਾਉਣ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਣ ਵਾਲਿਆਂ ਦਾ ਕਾਫ਼ਲਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਸਮਾਂ ਮੰਗ ਕਰਦਾ ਹੈ ਕਿ ਸਿੱਖ ਸ਼ਖ਼ਸੀਅਤਾਂ, ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਨੂੰ ਅੱਗੇ ਆ ਕੇ ਇਸ ਸਮੱਸਿਆ ਨੂੰ ਬਿਨਾਂ ਹੋਰ ਦੇਰ ਕੀਤਿਆਂ ਹੱਲ ਕਰਨ ਲਈ ਬਣਦੇ ਉਪਰਾਲੇ ਕਰਨੇ ਚਾਹੀਦੇ ਹਨ।
image
ਸਮੱਸਿਆ ਦੇ ਹੱਲ ਲਈ ਸਿੱਖ ਸ਼ਖ਼ਸੀਅਤਾਂ, ਵਿਦਵਾਨ ਤੇ ਜਥੇਬੰਦੀਆਂ ਅੱਗੇ ਆਉਣ