
ਕਰਨਾਲ ਵਿਚ ਧਾਰਾ-144 ਲਾਗੂ
ਕਿਸਾਨਾਂ ਦੇ ਵੱਡੇ ਇਕੱਠ ਨੂੰ ਰੋਕਣ ਲਈ ਹਰਿਆਣਾ ਫਿਰ ਹੋਇਆ ਸਰਗਰਮ
ਗੁਰਨਾਮ ਸਿੰਘ ਚੜੂਨੀ ਵਲੋਂ ਕਿਸਾਨਾਂ ਨੂੰ ਵੱਡੀ ਗਿਣਤੀ 'ਚ ਮਹਾਪੰਚਾਇਤ 'ਚ ਸ਼ਾਮਲ ਹੋਣ ਦੀ ਅਪੀਲ
ਕਰਨਾਲ, 6 ਸਤੰਬਰ : ਕਿਸਾਨਾਂ 'ਤੇ 28 ਅਗੱਸਤ ਨੂੰ ਹੋਏ ਪੁਲਿਸ ਲਾਠੀਚਾਰਜ ਵਿਰੁਧ ਕਰਨਾਲ 'ਚ ਅੱਜ ਕਿਸਾਨ ਮਹਾਪੰਚਾਇਤ ਬੁਲਾਈ ਗਈ ਹੈ | ਕਿਸਾਨ ਅੱਜ 'ਮਿੰਨੀ ਸਕੱਤਰੇਤ' ਦਾ ਘਿਰਾਉ ਕਰਨਗੇ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੇ ਜ਼ਿਲ੍ਹੇ ਵਿਚ ਧਾਰਾ-144 ਲਾਗੂ ਕਰ ਦਿਤੀ ਹੈ, ਜਿਸ ਕਾਰਨ 5 ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿਤੀ ਗਈ ਹੈ | ਉਧਰ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਸੋਮਵਾਰ ਨੂੰ ਕਿਹਾ ਕਿ 7 ਸਤੰਬਰ ਨੂੰ ਮਹਾਪੰਚਾਇਤ ਹੋਵੇਗੀ, ਜਿਸ ਤੋਂ ਬਾਅਦ ਕਿਸਾਨ ਮਿੰਨੀ ਸਕੱਤਰੇਤ ਦਾ ਘਿਰਾਉ ਕਰਨਗੇ | ਉਨ੍ਹਾਂ ਕਿਹਾ,''ਕਿਸਾਨ ਮੰਗਲਵਾਰ (ਅੱਜ) ਸਵੇਰੇ 10 ਵਜੇ ਕਰਨਾਲ ਨਵੀਂ ਅਨਾਜ ਮੰਡੀ 'ਚ ਇਕੱਠੇ ਹੋਣਗੇ |'' ਚੜੂਨੀ ਨੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਇਸ ਮਹਾਪੰਚਾਇਤ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ | ਵਧੀਕ ਪੁਲਿਸ ਕਮਿਸ਼ਨਰ ਨਵਦੀਪ ਸਿੰਘ ਵਿਰਕ ਨੇ ਕਿਹਾ ਕਿ ਮਿੰਨੀ ਸਕੱਤਰੇਤ ਦੇ ਘਿਰਾਉ ਦੇ ਸੱਦੇ ਨੂੰ ਦੇਖਦੇ ਹੋਏ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਬੰਧਾਂ ਦਾ ਮਕਸਦ ਸ਼ਾਂਤੀ ਬਣਾਈ ਰਖਣਾ, ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਰੋਕਣਾ, ਆਵਾਜਾਈ ਅਤੇ ਜਨਤਕ ਪ੍ਰਣਾਲੀ ਦੇ ਕੰਮਕਾਜ ਨੂੰ ਠੀਕ ਰਖਣਾ ਤੇ ਪੂਰੇ ਸੂਬੇ ਵਿਚ ਖ਼ਾਸ ਕਰ ਕੇ ਕਰਨਾਲ ਵਿਚ ਸਰਕਾਰੀ ਜਾਇਦਾਦ ਦੀ ਸੁਰੱਖਿਆ ਕਰਨਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਹਰ ਸੰਭਵ ਉਪਾਅ ਕੀਤੇ ਜਾਣਗੇ | ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਮੰਗਾਂ ਪੂਰੀਆਂ ਨਾ ਹੋਣ 'ਤੇ 7 ਸਤੰਬਰ ਨੂੰ ਕਰਨਾਲ 'ਚ ਮਹਾਪੰਚਾਇਤ ਕਰਵਾ ਕੇ 'ਮਿੰਨੀ ਸਕੱਤਰੇਤ' ਦਾ ਘਿਰਾਉ ਕਰਨ ਦੀ ਚਿਤਾਵਨੀ ਦਿਤੀ ਹੈ | ਜ਼ਿਕਰਯੋਗ ਹੈ ਕਿ ਕਿਸਾਨਾਂ ਵਲੋਂ 28 ਅਗੱਸਤ ਨੂੰ ਭਾਜਪਾ ਦੀ ਮੀਟਿੰਗ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕੀਤਾ ਗਿਆ ਸੀ | ਆਵਾਜਾਈ
ਠੱਪ ਹੋਣ ਕਾਰਨ ਕਿਸਾਨਾਂ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ | ਇਸ 'ਚ 10 ਪ੍ਰਦਰਸ਼ਨਕਾਰੀ ਕਿਸਾਨ ਜ਼ਖ਼ਮੀ ਹੋ ਗਏ ਸਨ | ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸ. ਡੀ. ਐਮ.) ਅਧਿਕਾਰੀ ਆਯੁਸ਼ ਸਿਨਹਾ ਵਿਰੁਧ ਸੰਯੁਕਤ ਕਿਸਾਨ ਮੋਰਚਾ ਨੇ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ |
ਉਧਰ ਚੜੂਨੀ ਨੇ ਕਰਨਾਲ 'ਚ ਲਾਠੀਚਾਰਜ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਜਾਨ ਗੁਆਉਣ ਵਾਲੇ ਕਿਸਾਨ ਦੇ ਪ੍ਰਵਾਰ ਨੂੰ 25 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਸੀ | ਉਥੇ ਹੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸਾਨ ਦੀ ਮੌਤ ਪੁਲਿਸ ਦੀ ਲਾਠੀਚਾਰਜ ਨਾਲ ਨਹੀਂ ਸਗੋਂ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ | ਚੜੂਨੀ ਨੇ ਹੋਰ ਜ਼ਖ਼ਮੀ ਕਿਸਾਨਾਂ ਨੂੰ 2-2 ਲੱਖ ਰੁਪਏ ਦੇਣ ਦੀ ਵੀ ਮੰਗ ਕੀਤੀ ਹੈ | ਇਸ ਲਈ ਉਨ੍ਹਾਂ ਹਰਿਆਣਾ ਸਰਕਾਰ ਨੂੰ ਅੱਜ ਦੇ ਦਿਨ ਤਕ ਦਾ ਅਲਟੀਮੇਟਮ ਦਿਤਾ ਸੀ ਕਿ ਜੇਕਰ ਮੰਗਾਂ ਨਾ ਮੰਨੀਆਂ ਤਾਂ ਉਹ 7 ਸਤੰਬਰ ਨੂੰ ਮਹਾਪੰਚਾਇਤ ਬੁਲਾਉਣਗੇ | (ਪੀਟੀਆਈ)