
ਤਾਲਿਬਾਨ ਵਲੋਂ ਪੰਜਸ਼ੀਰ ’ਤੇ ਮੁਕੰਮਲ ਕਬਜ਼ੇ
ਕਾਬੁਲ, 6 ਸਤੰਬਰ : ਤਾਲਿਬਾਨੀ ਲੜਾਕਿਆਂ ਨੇ ਕਾਬੁਲ ਦੇ ਉੱਤਰ ਵਿੱਚ ਪੰਜਸ਼ੀਰ ਸੂਬੇ ਨੂੰ ਅਪਣੇ ਕਬਜ਼ੇ ਵਿਚ ਲੈਣ ਦਾ ਦਾਅਵਾ ਕੀਤਾ ਹੈ। ਪਿਛਲੇ ਮਹੀਨੇ 15 ਅਗੱਸਤ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਕਬਜ਼ੇ ਮਗਰੋਂ ਪੰਜਸ਼ੀਰ ਇਕੋ-ਇਕ ਸੂਬਾ ਸੀ, ਜੋ ਅਜੇ ਤਕ ਤਾਲਿਬਾਨੀਆਂ ਦੀ ਗ੍ਰਿਫ਼ਤ ’ਚੋਂ ਬਾਹਰ ਸੀ। ਖੇਤਰ ਵਿਚ ਮੌਜੂਦ ਪ੍ਰਤੱਖ ਦਰਸ਼ੀਆਂ ਨੇ ਕਿਹਾ ਕਿ ਹਜ਼ਾਰਾਂ ਤਾਲਿਬਾਨੀ ਲੜਾਕਿਆਂ ਨੇ ਪੰਜਸ਼ੀਰ ਦੇ ਅੱਠ ਜ਼ਿਲ੍ਹਿਆਂ ਨੂੰ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਹੀ ਅਪਣੇ ਅਧੀਨ ਲੈ ਲਿਆ ਸੀ।
ਉਧਰ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਪੰਜਸ਼ੀਰ ਤਾਲਿਬਾਨੀ ਲੜਾਕਿਆਂ ਦੇ ਕੰਟਰੋਲ ਵਿਚ ਹੈ। ਤਾਲਿਬਾਨ ਵਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਕ ਤਸਵੀਰ ਵਿਚ ਤਾਲਿਬਾਨੀ ਲੜਾਕੇ ਪੰਜਸ਼ੀਰ ਸੂਬੇ ਦੇ ਰਾਜਪਾਲ ਦਫ਼ਤਰ ਵਿਚ ਨਜ਼ਰ ਆ ਰਹੇ ਹਨ। ਉਧਰ ਨੈਸ਼ਨਲ ਰਜ਼ਿਸਟੈਂਸ ਫਰੰਟ (ਐੱਨਆਰਐੱਫ), ਜਿਸ ਵਿਚ ਤਾਲਿਬਾਨ ਵਿਰੋਧੀ ਮਿਲੀਸ਼ੀਆ ਤੇ ਸਾਬਕਾ ਅਫ਼ਗ਼ਾਨ ਸੁਰੱਖਿਆ ਦਸਤ ੇ ਸ਼ਾਮਲ ਹਨ, ਨੇ ਦਾਅਵਾ ਕੀਤਾ ਕਿ ਉਸ ਦੇ ਲੜਾਕੇ ਪੰਜਸ਼ੀਰ ਵਾਦੀ ਵਿਚ ‘ਰਣਨੀਤਕ ਪੱਖੋਂ ਅਹਿਮ ਟਿਕਾਣਿਆਂ’ ਉੱਤੇ ਮੌਜੂਦ ਹਨ ਤੇ ਉਹ ਅਪਣੀ ਲੜਾਈ ਜਾਰੀ ਰੱਖਣਗੇ। ਐੱਨਆਰਐੱਫ ਨੇ ਅੰਗਰੇਜ਼ੀ ਵਿਚ ਕੀਤੇ ਟਵੀਟ ’ਚ ਕਿਹਾ,‘‘ਅਸੀਂ ਅਫ਼ਗ਼ਾਨਿਸਤਾਨ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਤਾਲਿਬਾਨ ਤੇ ਉਸ ਦੇ ਭਾਈਵਾਲਾਂ ਵਿਰੁਧ ਵਿੱਢੀ ਲੜਾਈ ਉਦੋਂ ਤਕ ਜਾਰੀ ਰਹੇਗੀ, ਜਦੋਂ ਤਕ ਨਿਆਂ ਤੇ ਆਜ਼ਾਦੀ ਨਹੀਂ ਮਿਲ ਜਾਂਦੀ।’’ ਤਾਲਿਬਾਨ ਦੇ ਬੁਲਾਰੇ ਮੁਜਾਹਿਦ ਨੇ ਕਿਹਾ,‘‘ਅਸੀਂ ਪੰਜਸ਼ੀਰ ਦੇ ਆਦਰਯੋਗ ਨਿਵਾਸੀਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਉਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ, ਸਾਰੇ ਸਾਡੇ ਭਰਾ ਹਨ ਅਤੇ ਅਸੀਂ ਸਾਰੇ ਦੇਸ਼ ਦੀ ਸੇਵਾ ਅਤੇ ਬਰਾਬਰ ਹਿਤਾਂ ਲਈ ਕੰਮ ਕਰਾਂਗੇ।’’ (ਪੀਟੀਆਈ)