
ਅਮਰੀਕਾ ਵਿਚ ਹੜ੍ਹ ਕਾਰਨ ਭਾਰਤੀ ਮੂਲ ਦੇ ਚਾਰ ਲੋਕਾਂ ਦੀ ਮੌਤ
, ਕਵੀਂਸ ਸ਼ਹਿਰ ਵਿਚ ਮਾਂ-ਪੁੱਤ ਨੇ ਜਾਨ ਗਵਾਈ
ਨਿਊਯਾਰਕ, 6 ਸਤੰਬਰ : ਅਮਰੀਕਾ ਵਿਚ ਆਏ ਸਮੁੰਦਰੀ ਤੂਫ਼ਾਨ ਦੇ ਅਸਰ ਕਾਰਨ ਤੇਜ਼ ਬਾਰਸ਼ ਅਤੇ ਹੜ੍ਹ ਵਿਚ ਫਸ ਕੇ ਭਾਰਤੀ ਮੂਲ ਦੇ ਚਾਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਭਾਰਤੀਆਂ ਨਾਲ ਜੁੜੀ ਇਹ ਘਟਨਾਵਾਂ ਨਿਊਜਰਸੀ ਅਤੇ ਨਿਊਯਾਰਕ ਦੀਆਂ ਹਨ।
ਤੂਫ਼ਾਨ 29 ਅਗੱਸਤ ਨੂੰ ਲੁਸਿਆਨਾ ਤਟ ਨਾਲ ਟਕਰਾਇਆ ਸੀ। ਇਹ 2005 ਵਿਚ ਆਏ ਕੈਟਰੀਨਾ ਤੂਫ਼ਾਨ ਤੋਂ ਬਾਅਦ ਅਮਰੀਕਾ ਵਿਚ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਵਾਲਾ ਇਹ ਤੂਫ਼ਾਨ ਹੈ। ਨਿਊਜਰਸੀ ਦੇ ਏਡੀਸਨ ਇਲਾਕੇ ਦੇ ਨਿਵਾਸੀ 31 ਸਾਲਾ ਧਨੁਸ਼ ਰੈਡੀ ਦੀ ਮੌਤ ਪਿਛਲੇ ਹਫ਼ਤੇ ਸੀਵਰ ਪਾਈਪ ਵਿਚ ਰੁੜ੍ਹ ਜਾਣ ਕਾਰਨ ਹੋਈ, ਉਹ ਜ਼ਿਆਦਾ ਮੀਂਹ ਕਾਰਨ ਆਏ ਹੜ੍ਹ ਦੇ ਪਾਣੀ ਵਿਚ ਫਸ ਕੇ ਰੁੜ੍ਹ ਗਿਆ ਸੀ। ਇਲਾਕੇ ਵਿਚ ਇਕ ਹੋਰ ਆਦਮੀ ਵੀ ਰੁੜ੍ਹ ਕੇ ਸੀਵਰ ਪਾਈਪ ਵਿਚ ਪਹੁੰਚ ਗਿਆ ਸੀ, ਲੇਕਿਨ ਉਸ ਨੂੰ ਬਚਾ ਲਿਆ ਗਿਆ। ਜਦ ਕਿ ਧਨੁਸ਼ ਦੀ ਲਾਸ਼ ਲਾਪਤਾ ਹੋਣ ਤੋਂ ਇਕ ਦਿਨ ਬਾਅਦ ਕਈ ਮੀਲ ਦੂਰ ਜੰਗਲੀ ਇਲਾਕੇ ਵਿਚੋਂ ਮਿਲੀ।
ਨਿਊਯਾਰਕ ਟਾਈਮਸ ਅਨੁਸਾਰ ਹੜ੍ਹ ਕਾਰਨ ਸਭ ਤੋਂ ਜ਼ਿਆਦਾ ਨੁਕਸਾਨ ਬੇਸਮੈਂਟ ਤੇ ਉਪਰ ਰਹਿਣ ਵਾਲਿਆਂ ਨੁੂੰ ਹੋਇਆ। ਕਈ ਸ਼ਹਿਰਾਂ ਵਿਚ ਇਹ ਲੋਕ ਗੈਰ ਕਾਨੂੰਨੀ ਢੰਗ ਨਾਲ ਘੱਟ ਕਿਰਾਏ ਵਾਲੀ ਥਾਵਾਂ ’ਤੇ ਰਹਿ ਰਹੇ ਸੀ। ਹੇਠਲੀ ਥਾਵਾਂ ’ਤੇ ਕੁਝ ਘੰਟਿਆਂ ਵਿਚ ਹੀ ਪਾਣੀ ਭਰ ਗਿਆ। ਜਿੱਥੇ ਰਾਤ ਨੂੰ ਪਾਣੀ ਭਰਿਆ ਉਥੇ ਰਹਿਣ ਵਾਲਿਆਂ ਨੂੰ ਬਚਾਅ ਦਾ ਸਮਾਂ ਨਹੀਂ ਮਿਲਿਆ। ਇਸ ਲਈ ਹੜ੍ਹ ਕਾਰਨ ਪ੍ਰਭਾਵਤ ਹੋਣ ਵਾਲਿਆਂ ਵਿਚ ਜ਼ਿਆਦਾਤਰ ਗਰੀਬ ਤਬਕੇ ਦੇ ਲੋਕ ਹਨ।
ਹੜ੍ਹ ਨਾਲ ਕਵੀਂਸ ਸ਼ਹਿਰ ਦੇ ਚਾਰ ਮੈਂਬਰਾਂ ਵਾਲੇ ਰਾਮਕਿਰਤੀ ਪਰਵਾਰ ਨੂੰ ਵੱਡਾ ਨੁਕਸਾਨ ਹੋਇਆ। ਬੇਸਮੈਂਟ ਵਿਚ ਬਣੇ ਘਰ ਵਿਚ ਜਦ ਕਈ ਫੁੱਟ ਉਚਾ ਪਾਣੀ ਆ ਗਿਆ ਤਦ ਪਰਵਾਰ ਨੂੰ ਉਸ ਦਾ ਪਤਾ ਚਲਿਆ।
ਹੜਬੜੀ ਵਿਚ ਉਠੇ ਦਾਮੇਸ਼ਵਰ ਰਾਮਕਿਰਤੀ ਉਸ ਪਾਣੀ ਵਿਚ ਰੁੜ੍ਹਨ ਲੱਗੇ ਤਾਂ ਉਨ੍ਹਾਂ ਦੀ ਪਤਨੀ ਤਾਰਾ ਨੇ ਹੱਥ ਫੜ ਕੇ ਉਨ੍ਹਾਂ ਬਚਾਉਣਾ ਚਾਹਿਆ ਲੇਕਿਨ ਜਲਦ ਹੀ ਤਾਰਾ ਦਾ ਹੱਥ ਛੁਡ ਗਿਆ। ਪਾਣੀ ਦੇ ਬਹਾਅ ਵਿਚ ਦਾਮੇਸ਼ਵਰ ਤਾਂ ਬਚ ਗਏ ਲੇਕਿਨ ਤਾਰਾ ਅਤੇ ਉਨ੍ਹਾਂ ਦਾ 22 ਸਾਲ ਦਾ ਬੇਟਾ ਨਿਕ ਨਹੀਂ ਬਚ ਸਕੇ।
ਬੁਧਵਾਰ ਨੂੰ ਨਿਊਜਰਸੀ ਨਿਵਾਸੀ ਭਾਰਤੀ ਮੂਲ ਦੀ ਸਾਫਟਵੇਅਰ ਇੰਜੀਨੀਅਰ 46 ਸਾਲਾ ਮਾਲਤੀ ਕਾਂਚੇ ਜਦ ਅਪਣੀ 15 ਸਾਲ ਦੀ ਧੀ ਦੇ ਨਾਲ ਕਾਰ ਤੇ ਜਾ ਰਹੀ ਸੀ ਉਸੇ ਸਮੇਂ ਹੜ੍ਹ ਕਾਰਨ ਉਹ ਘਿਰ ਗਈ। ਪਾਣੀ ਦੇ ਬਹਾਅ ਤੋਂ ਬਚਣ ਦੇ ਲਈ ਦੋਵੇਂ ਕਾਰ ਤੋਂ ਨਿਕਲ ਕੇ ਦਰੱਖਤ ਕੋਲ ਆ ਗਈ ਅਤੇ ਉਸ ਨੂੰ ਫੜ ਕੇ ਪਾਣੀ ਦੇ ਬਹਾਅ ਤੋਂ ਬਚਣ ਦੀ ਕੋਸ਼ਿਸ਼ ਕਰਨ ਲੱਗੀ। ਲੇਕਿਨ ਥੋੜ੍ਹੀ ਦੇਰ ਵਿਚ ਉਹ ਦਰੱਖਤ ਟੁਟ ਕੇ ਡਿੱਗ ਗਿਆ ਅਤੇ ਪਾਣੀ ਦੇ ਨਾਲ ਵਗਣ ਲੱਗਾ। ਮਾਲਤੀ ਅਤੇ ਉਨ੍ਹਾਂ ਦੀ ਧੀ ਵੀ ਪਾਣੀ ਵਿਚ ਰੁੜ੍ਹ ਗਈ। ਧੀ ਕਿਸੇ ਤਰ੍ਹਾਂ ਬਚ ਗਈ ਪਰ ਮਾਲਤੀ ਨਹੀਂ ਬਚ ਸਕੀ। ਪ੍ਰਸ਼ਾਸਨ ਨੇ ਉਨ੍ਹਾਂ ਦੀ ਮੌਤ ਦੇ ਪੁਸ਼ਟੀ ਕਰ ਦਿਤੀ। (ਏਜੰਸੀ)