
ਅਰਸ਼ਦੀਪ ਸਿੰਘ ਗੁਰੂ ਨਾਨਕ ਪਬਲਿਕ ਸਕੂਲ ਚੰਡੀਗੜ੍ਹ ਦਾ ਹੋਣਹਾਰ ਵਿਦਿਆਰਥੀ
ਸਕੂਲ ਮੈਨੇਜਮੈਂਟ ਵਲੋਂ ਅਪਣੇ 'ਹੀਰੇ' ਵਿਰੁਧ ਫ਼ਿਰਕੂ ਲੀਹਾਂ ਤੇ ਤੋਹਮਤਬਾਜ਼ੀ ਵਿਰੁਧ ਸਖ਼ਤ ਰੋਸ
ਚੰਡੀਗੜ੍ਹ, 6 ਸਤੰਬਰ (ਭੁੱਲਰ) : ਭਾਰਤ ਪਾਕਿਸਤਾਨ ਮੈਚ ਦੌਰਾਨ ਭਾਰਤ ਦੀ ਹੋਈ ਹਾਰ ਬਾਅਦ ਕੁੱਝ ਲੋਕਾਂ ਵਲੋਂ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਟਰੋਲ ਕੀਤੇ ਜਾਣ ਬਾਰੇ ਹੁਣ ਉਸ ਦੇ ਸਕੂਲ ਦੇ ਪ੍ਰਬੰਧਕਾਂ ਵਲੋਂ ਪ੍ਰਤੀਕਰਮ ਆਇਆ ਹੈ | ਅਰਸ਼ਦੀਪ ਗੁਰੂ ਨਾਨਕ ਪਬਲਿਕ ਸਕੂਲ ਚੰਡੀਗੜ੍ਹ ਦਾ ਵਿਦਿਆਰਥੀ ਰਿਹਾ ਹੈ |
ਸਕੂਲ ਦੇ ਜਨਰਲ ਸਕੱਤਰ ਪ੍ਰੋ. ਜੀ.ਐਸ. ਢਿੱਲੋਂ ਨੇ ਕਿਹਾ ਕਿ ਪਾਕਿਸਤਾਨ ਨਾਲ ਮੈਚ ਵਿਚ ਹੋਈ ਹਾਰ ਤੋਂ ਬਾਅਦ ਭਾਰਤੀ ਟੀਮ ਦੇ ਮੈਂਬਰ ਅਰਸ਼ਦੀਪ ਸਿੰਘ ਨੂੰ ਉਸ ਉਪਰ ਮੈਚ ਫ਼ਿਕਸਿੰਗ ਅਤੇ ਖ਼ਾਲਿਸਤਾਨੀ ਪੱਖੀ ਹੋਣ ਦੇ ਦੋਸ਼ ਲਾ ਕੇ ਸੋਸ਼ਲ ਮੀਡੀਆ ਉਪਰ ਫ਼ਿਰਕੂ ਰੰਗ ਦੇ ਕੇ ਟਰੋਲ ਕਰਦਿਆਂ ਉਸੇ ਤਰ੍ਹਾਂ ਨਾਲ ਉਸੇ ਤਰ੍ਹਾਂ ਦਾ ਹੀ ਵਰਤਾਅ ਕੀਤਾ ਗਿਆ ਜਿਸ ਤਰ੍ਹਾਂ ਦਾ ਕੁੱਝ ਸਾਲ ਪਹਿਲਾਂ ਪਾਕਿਸਤਾਨੀ ਅਤੇ ਦੇਸ਼ ਵਿਰੋਧੀ ਅਨਸਰਾਂ ਨੇ ਮੁਸਲਿਮ ਕ੍ਰਿਕਟਰ ਮੁਹੰਮਦ ਸ਼ਫ਼ੀ ਨਾਲ ਕੀਤਾ ਸੀ | ਭਾਰਤੀ ਟੀਮ ਨੂੰ ਇਸ ਤਰ੍ਹਾਂ ਫ਼ਿਰਕੂ ਲੀਹਾਂ 'ਤੇ ਵੰਡੇ ਜਾਣ ਦੀ ਕੋਸ਼ਿਸ਼ ਕਿਸੇ ਵੀ ਤਰ੍ਹਾਂ ਸਹੀ ਨਹੀਂ ਕਿਉਂਕਿ ਭਾਰਤੀ ਕ੍ਰਿਕਟ ਟੀਮ ਨੇ ਦੇਸ਼ ਦਾ ਵਿਸ਼ਵ ਮੁਕਾਬਲਿਆਂ ਵਿਚ ਮਾਣ ਵਧਾਇਆ ਹੈ | ਜਿੱਤਾਂ ਹਾਰਾਂ ਮੈਚਾਂ ਵਿਚ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਨੂੰ ਖੇਡ ਭਾਵਨਾ ਨਾਲ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ |
ਪ੍ਰੋ. ਢਿੱਲੋਂ ਨੇ ਕਿਹਾ ਕਿ ਅਰਸ਼ਦੀਪ ਸਿੰਘ ਉਨ੍ਹਾਂ ਦੇ ਸਕੂਲ ਦਾ ਹੋਣਹਾਰ ਵਿਦਿਆਰਥੀ ਹੈ ਜਿਸ ਨੇ ਰਣਜੀ ਟਰਾਫ਼ੀ ਮੁਕਾਬਲੇ ਵਿਚ ਬਿਹਤਰ ਕਾਰਗੁਜ਼ਾਰੀ ਦੀ ਬਦੌਲਤ ਹੀ ਭਾਰਤੀ ਟੀਮ ਵਿਚ ਅਪਣੀ ਥਾਂ ਬਣਾਈ ਹੈ |
ਇਕ ਨਿਰਦੋਸ਼ ਬੱਚੇ ਨਾਲ ਇਸ ਤਰ੍ਹਾਂ ਦੇ ਵਿਵਹਾਰ ਨਾਲ ਸਕੂਲ ਦੀ ਗਵਰਨਿੰਗ ਕੌਂਸਲ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ | ਸਕੂਲ ਪ੍ਰਬੰਧਕਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਰਸ਼ਦੀਪ ਸਿੰਘ ਨੂੰ ਭਵਿੱਖ ਵਿਚ ਅਜਿਹੇ ਬੇਬੁਨਿਆਦ ਦੋਸ਼ਾਂ ਤੇ ਅਪਮਾਨ ਤੋਂ ਬਚਾਉਣ ਲਈ ਸਰਕਾਰ ਖ਼ਾਸ ਧਿਆਨ ਦੇਵੇ | ਖੇਡ ਨੂੰ ਫ਼ਿਰਕੂ ਰੰਗ ਦੇਣਾ ਵਿਸ਼ੇਸ਼ ਤੌਰ 'ਤੇ ਕ੍ਰਿਕਟ ਲਈ ਵੀ ਇਹ ਚੰਗਾ ਨਹੀਂ ਹੋਵੇਗਾ | ਇਸ ਘਟਨਾ ਦੀ ਹਰ ਤਰਫ਼ ਤੋਂ ਨਿੰਦਾ ਵੀ ਹੋ ਰਹੀ ਹੈ | ਅਰਸ਼ਦੀਪ ਉਸ ਕਮਿਊਨਿਟੀ ਨਾਲ ਸਬੰਧ ਰੱਖਦਾ ਹੈ ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਸੱਭ ਤੋਂ ਵੱਧ ਕੁਰਬਾਨੀਆਂ ਦਿਤੀਆਂ |