
ਬੱਚਾ ਪੀਜੀਆਈ ਚੰਡੀਗੜ੍ਹ ’ਚ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਜੰਗ
ਖੰਨਾ: ਪਾਇਲ ਤੋਂ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਕਲਯੁੱਗੀ ਮਾਂ ਵੱਲੋਂ ਆਪਣੇ ਹੀ ਸਾਢੇ 3 ਸਾਲਾ ਪੁੱਤ ਨੂੰ ਮਾਰ ਦੇਣ ਦੀ ਨੀਅਤ ਨਾਲ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਗਨੀਮਤ ਰਹੀ ਕਿ ਬੱਚੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਉਹ ਅੱਗ ਦੀਆਂ ਤੇਜ਼ ਲਪਟਾ ਨਾਲ ਬੁਰ੍ਹੀ ਤਰ੍ਹਾਂ ਝੁਲਸ ਗਿਆ। ਉਸ ਨੂੰ ਪਹਿਲਾਂ ਪਾਇਲ ਹਸਪਤਾਲ ਲਿਜਾਇਆ ਗਿਆ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਬੱਚੇ ਦੀ ਨਾਨੀ ਦੀ ਸ਼ਿਕਾਇਤ ’ਤੇ ਥਾਣਾ ਪਾਇਲ ਦੀ ਪੁਲਿਸ ਨੇ ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਵਾ ਦਿੱਤਾ। ਮੁਲਜ਼ਮ ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਬੱਚੇ ਦੀ ਨਾਨੀ ਅਤੇ ਮੁਲਜ਼ਮ ਔਰਤ ਦੀ ਮਾਤਾ ਮਨਜੀਤ ਕੌਰ ਵਾਸੀ ਪਿੰਡ ਘੁਡਾਣੀ ਕਲਾਂ ਨੇ ਦੱਸਿਆ ਕਿ ਉਸ ਦੀ ਲੜਕੀ ਰੁਪਿੰਦਰ ਕੌਰ ਦਾ ਵਿਆਹ ਮਾਛੀਵਾੜਾ ਵਾਸੀ ਧਰਮਪਾਲ ਨਾਲ ਹੋਇਆ ਸੀ। ਉਸ ਦਾ ਸਾਢੇ ਤਿੰਨ ਸਾਲ ਦਾ ਬੇਟਾ ਹੈ ਜੋ ਆਪਣੀ ਮਾਂ ਨਾਲ ਰਹਿੰਦਾ ਹੈ। ਪਤੀ ਨਾਲ ਝਗੜੇ ਕਾਰਨ ਰੁਪਿੰਦਰ ਕੌਰ ਆਪਣੇ ਪੇਕੇ ਘਰ ਰਹਿੰਦੀ ਹੈ। ਹਰ ਰੋਜ਼ ਝਗੜਾ ਹੋਣ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗੀ। 2 ਸਤੰਬਰ ਨੂੰ ਸ਼ਾਮ 5 ਵਜੇ ਉਸ ਨੇ ਆਪਣੇ ਸਾਢੇ ਤਿੰਨ ਸਾਲ ਦੇ ਬੇਟੇ ਹਰਮਨ ਸਿੰਘ ਨੂੰ ਅੱਗ ਲਗਾ ਦਿੱਤੀ।
ਜਦੋਂ ਹਰਮਨ ਨੂੰ ਹਸਪਤਾਲ ਲੈ ਜਾਇਆ ਗਿਆ ਉਸ ਸਮੇਂ ਤੱਕ ਉਹ 50 ਫ਼ੀਸਦੀ ਝੁਲਸਿਆ ਚੁੱਕਿਆ ਸੀ। ਪੀਜੀਆਈ ਹਸਪਤਾਲ ਚੰਡੀਗੜ੍ਹ ਵਿਖੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਪਾਇਲ ਦੇ ਡੀਐੱਸਪੀ ਨੇ ਦੱਸਿਆ ਕਿ ਪੁਲਿਸ ਨੂੰ ਪੀਜੀਆਈ ਚੰਡੀਗੜ੍ਹ ਤੋਂ ਬੱਚੇ ਦੇ ਸੜੇ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਮਾਮਲਾ ਸਾਹਮਣੇ ਆਇਆ। ਬੱਚੇ ਦੀ ਨਾਨੀ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।