
Abohar New : ਬਚਾਉਣ ਆਈ ਮਾਂ ਨੂੰ ਵੀ ਕੁੱਟਿਆ
Accused of Beating a Young Man to Death on Suspicion of Theft In Abohar Latest News in Punjabi ਅਬੋਹਰ : ਸਬ-ਡਿਵੀਜ਼ਨ ਦੇ ਪਿੰਡ ਢਾਬਾ ਕੋਕਰੀਆ ਵਿਚ ਕੁੱਝ ਲੋਕਾਂ ਨੇ ਮੋਟਰ ਚੋਰੀ ਦੇ ਇਲਜ਼ਾਮ ਵਿਚ ਇਕ ਨੌਜਵਾਨ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿਤਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਸੀ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿਤੀ ਗਈ ਸੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਢਾਬਾ ਕੋਕਰੀਆ ਦੇ ਰਹਿਣ ਵਾਲੇ ਰਮੇਸ਼ ਕੁਮਾਰ ਪੁੱਤਰ ਕ੍ਰਿਸ਼ਨ ਰਾਮ ਨੇ ਦਸਿਆ ਕਿ ਇਸੇ ਪਿੰਡ ਦੇ ਸੁਨੀਲ ਕੁਮਾਰ ਪੁੱਤਰ ਮਨੀਰਾਮ ਆਦਿ ਨੇ ਉਸ ਦੇ ਭਰਾ ਰਵਿੰਦਰ ਕੁਮਾਰ ਅਤੇ ਕੁੱਝ ਹੋਰ ਨੌਜਵਾਨਾਂ 'ਤੇ ਮੋਟਰ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਸੀ। ਰਮੇਸ਼ ਨੇ ਦਸਿਆ ਕਿ ਅੱਜ ਰਵਿੰਦਰ ਕੁਮਾਰ ਅਪਣੀ ਮਾਂ ਵਿਦਿਆ ਦੇਵੀ ਨਾਲ ਖੇਤ ਵਿਚ ਕੰਮ ਕਰ ਰਿਹਾ ਸੀ, ਜਦੋਂ ਸਵੇਰੇ 9 ਵਜੇ ਦੇ ਕਰੀਬ ਸੁਨੀਲ ਕੁਮਾਰ ਆਦਿ ਨੇ ਉਸ ਨੂੰ ਖੇਤ ਵਿਚ ਹੀ ਕੁੱਟਣਾ ਸ਼ੁਰੂ ਕਰ ਦਿਤਾ। ਇਸ ਦੌਰਾਨ ਜਦੋਂ ਉਸ ਦੀ ਮਾਂ ਨੇ ਅਪਣੇ ਪੁੱਤਰ ਰਵਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ ਗਈ। ਰਮੇਸ਼ ਨੇ ਦਸਿਆ ਕਿ ਜਿਵੇਂ ਹੀ ਉਸ ਨੂੰ ਘਟਨਾ ਬਾਰੇ ਪਤਾ ਲੱਗਾ, ਉਹ ਮੌਕੇ 'ਤੇ ਪਹੁੰਚ ਗਿਆ ਅਤੇ ਸੁਨੀਲ ਕੁਮਾਰ ਅਤੇ ਹੋਰ ਲੋਕ ਉਸ ਦੇ ਭਰਾ ਰਵਿੰਦਰ ਕੁਮਾਰ ਨੂੰ ਜ਼ਬਰਦਸਤੀ ਅਪਣੇ ਨਾਲ ਕਿਤੇ ਲੈ ਗਏ, ਜਦਕਿ ਉਸ ਨੇ ਹਮਲੇ ਵਿਚ ਜ਼ਖ਼ਮੀ ਹੋਈ ਅਪਣੀ ਮਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ।
ਦੁਪਹਿਰ 3 ਵਜੇ ਦੇ ਕਰੀਬ, ਦੋ ਨੌਜਵਾਨ ਰਵਿੰਦਰ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਹਸਪਤਾਲ ਛੱਡ ਕੇ ਉੱਥੋਂ ਭੱਜ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਬਾਅਦ ਵਿਚ, ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਰੱਖਿਆ ਗਿਆ ਅਤੇ ਮਾਮਲੇ ਦੀ ਜਾਣਕਾਰੀ ਸਦਰ ਪੁਲਿਸ ਸਟੇਸ਼ਨ ਨੂੰ ਦਿਤੀ ਗਈ। ਉਸ ਦੇ ਭਰਾ ਰਵਿੰਦਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਤੇ ਜਲਦੀ ਹੀ ਕੇਸ ਦਰਜ ਕਰਨ ਦੀ ਅਪੀਲ ਕੀਤੀ।
ਸੂਚਨਾ ਮਿਲਦੇ ਹੀ ਸਦਰ ਥਾਣਾ ਇੰਚਾਰਜ ਰਵਿੰਦਰ ਸਿੰਘ ਭੱਟੀ ਮੌਕੇ 'ਤੇ ਪਹੁੰਚੇ ਅਤੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਉਨ੍ਹਾਂ ਕਿਹਾ ਕਿ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਦੇ ਬਿਆਨ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਰਵਿੰਦਰ ਕੁਮਾਰ, ਲਗਭਗ 27 ਸਾਲ, ਇਕ ਪੁੱਤਰ ਅਤੇ ਇਕ ਧੀ ਦਾ ਪਿਤਾ ਸੀ।
(For more news apart from stay tuned to Rozana Spokesman.)