
ਹੜ੍ਹਾਂ ਕਾਰਨ ਹਾਲਾਤ ਖਰਾਬ
ਪੰਜਾਬ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨਾਲ ਹਾਲਾਤ ਬਹੁਤ ਜ਼ਿਆਦਾ ਭਿਆਨਕ ਬਣ ਗਏ ਹਨ, ਜਿਸ ਕਾਰਨ ਸੂਬੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ 7 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਦੇ ਹੁਕਮਾਂ ਮੁਤਾਬਕ ਹੁਣ ਸੂਬੇ ਦੇ ਸਕੂਲ 8 ਸਤੰਬਰ ਨੂੰ ਖੁੱਲ੍ਹਣੇ ਹਨ, ਪਰ ਪੰਜਾਬ ਵਿੱਚ ਜੋ ਤਬਾਹੀ ਵਾਲੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਦੇ ਮੱਦੇਨਜ਼ਰ ਛੁੱਟੀਆਂ ਵਿੱਚ ਮੁੜ ਵਾਧਾ ਕੀਤਾ ਜਾ ਸਕਦਾ ਹੈ। ਕਿਉਂਕਿ ਜਿਹੜੇ ਸਕੂਲ ਹੜ੍ਹਾਂ ਦੀ ਲਪੇਟ 'ਚ ਆਏ ਹਨ, ਉਨ੍ਹਾਂ ਵਿੱਚ ਅਜੇ ਵੀ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਹੈ ਅਤੇ ਜਿੱਥੇ ਪਾਣੀ ਉਤਰ ਗਿਆ ਹੈ, ਉੱਥੇ ਗਾਰ ਭਰੀ ਹੋਈ ਹੈ।
ਇਸ ਦੌਰਾਨ ਇਹ ਚਰਚਾ ਚੱਲ ਰਹੀ ਹੈ ਕਿ ਜਿਹੜੇ ਇਲਾਕੇ ਹੜ੍ਹਾਂ ਦੀ ਲਪੇਟ 'ਚ ਆਏ ਹਨ, ਉਨ੍ਹਾਂ ਇਲਾਕਿਆਂ ਦੇ ਸਕੂਲਾਂ 'ਚ ਛੁੱਟੀਆਂ ਵਧਾਈਆਂ ਜਾ ਸਕਦੀਆਂ ਹਨ। ਦੱਸਣਯੋਗ ਹੈ ਕਿ ਪੰਜਾਬ 'ਚ ਅਜੇ ਭਾਖੜਾ ਡੈਮ ਅਤੇ ਹੋਰ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਪੌਂਗ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 14 ਫੁੱਟ ਪਾਰ ਹੋ ਗਿਆ ਹੈ।
ਇਸ ਖ਼ਤਰੇ ਦਰਮਿਆਨ ਪੰਜਾਬ ਦੇ ਇਲਾਕਿਆਂ 'ਚ ਫਿਰ ਪਾਣੀ ਭਰਨ ਦਾ ਖ਼ਤਰਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵਲੋਂ ਵੀ ਅਜੇ ਸੂਬੇ 'ਚ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ, ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ।