
ਬਾਜਾ ਦਾ ਪਾਕਿ ਡੌਨ ਸ਼ਹਿਜ਼ਾਦ ਭੱਟੀ ਨਾਲ ਹੈ ਸਬੰਧ
police encounter, Adampur news : ਜਲੰਧਰ ਦੇ ਆਦਮਪੁਰ ਥਾਣੇ ਅਧੀਨ ਆਉਂਦੇ ਪਿੰਡ ਡਰੋਲੀ ’ਚ ਸ਼ਨੀਵਾਰ ਰਾਤ ਨੂੰ ਲਗਭਗ 10:30 ਵਜੇ ਹੋਏ ਪੁਲਿਸ ਮੁਕਾਬਲੇ ’ਚ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦਾ ਗੁੰਡਾ ਦਵਿੰਦਰ ਸਿੰਘ ਬਾਜਾ ਜ਼ਖਮੀ ਹੋ ਗਿਆ। ਉਸਨੂੰ ਜ਼ਖਮੀ ਹਾਲਤ ਵਿੱਚ ਆਦਮਪੁਰ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਸਦੀ ਸੱਜੀ ਲੱਤ ’ਚ ਗੋਲੀ ਲੱਗੀ ਹੈ। ਪਿੰਡ ਦਮੁੰਡਾ (ਆਦਮਪੁਰ) ਦੇ ਰਹਿਣ ਵਾਲੇ ਸ਼ੂਟਰ ਬਾਜਾ ਨੇ ਬੀਤੀ 9 ਅਗਸਤ ਨੂੰ ਹੁਸ਼ਿਆਰਪੁਰ ਦੇ ਮਾਡਲ ਟਾਊਨ ’ਚ ਐਨ.ਆਰ.ਆਈ. ਸਿਮਰਨ ਸਿਕੰਦ ਉਰਫ ਸੈਮ ਦੇ ਘਰ ’ਤੇ ਗੋਲੀਬਾਰੀ ਕੀਤੀ ਸੀ ਅਤੇ ਪਾਕਿ ਡੌਨ ਭੱਟੀ ਨੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਸੀ। ਭੱਟੀ ਸੈਮ ਦੇ ਘਰ ’ਤੇ ਗ੍ਰਨੇਡ ਸੁੱਟਣ ਦੀ ਧਮਕੀ ਦੇ ਕੇ ਫਿਰੌਤੀ ਦੀ ਮੰਗ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਬਾਜਾ ਨੇ ਬੀਤੀ 26 ਜੂਨ ਨੂੰ ਆਦਮਪੁਰ ’ਚ ਏ.ਐਸ.ਆਈ. ਸੁਖਵਿੰਦਰ ਸਿੰਘ ਦੇ ਪੁੱਤਰ ਹਰਮਨਪ੍ਰੀਤ ਸਿੰਘ ’ਤੇ ਵੀ ਗੋਲੀ ਚਲਾਈ ਸੀ ਅਤੇ ਇਹ ਗੋਲੀ ਸੁਖਵਿੰਦਰ ਸਿੰਘ ਦੀ ਲੱਤ ’ਚ ਲੱਗੀ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਬਾਜਾ ਦੇ ਸਾਥੀ ਪਰਮਿੰਦਰ ਸਿੰਘ ਨੂੰ ਫੜ ਲਿਆ ਸੀ ਜਦਕਿ ਬਾਜਾ ਭੱਜਣ ਵਿਚ ਕਾਮਯਾਬ ਹੋ ਗਿਆ ਸੀ।
ਆਦਮਪੁਰ ਪੁਲਿਸ ਥਾਣੇ ਦੇ ਇੰਚਾਰਜ ਰਵਿੰਦਰ ਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਾਕਿ ਡੌਨ ਭੱਟੀ ਦਾ ਸਾਥੀ ਬਾਜਾ ਆਦਮਪੁਰ ਇਲਾਕੇ ਵਿੱਚ ਆ ਰਿਹਾ ਹੈ। ਜਿਸ ਤੋਂ ਬਾਅਦ ਸ਼ਨੀਵਾਰ ਰਾਤ ਨੂੰ ਹੀ ਡੀ.ਐਸ.ਪੀ. ਇੰਦਰਜੀਤ ਸਿੰਘ ਸੈਣੀ ਅਤੇ ਕੁਲਵੰਤ ਸਿੰਘ ਦੀ ਅਗਵਾਈ ’ਚ ਐਸ.ਐਚ.ਓ. ਰਵਿੰਦਰ ਕੁਮਾਰ ਅਤੇ ਸੀ.ਆਈ.ਏ ਸਟਾਫ ਦੀ ਟੀਮ ਨੇ ਇਲਾਕੇ ’ਚ ਨਾਕਾਬੰਦੀ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਰਾਤੀ ਲਗਭਗ 10:30 ਵਜੇ ਪਿੰਡ ਡਰੋਲੀ ਨੇੜੇ ਨਾਕਾਬੰਦੀ ਕੀਤੀ ਗਈ ਸੀ ਜਦੋਂ ਪੁਲਿਸ ਟੀਮ ਨੇ ਬਾਜਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ’ਚੋਂ ਇੱਕ ਗੋਲੀ ਐਸ.ਐਚ.ਓ. ਦੀ ਸਰਕਾਰੀ ਗੱਡੀ ’ਤੇ ਲੱਗੀ। ਇਸ ਤੋਂ ਬਾਅਦ ਟੀਮ ਨੇ ਉਸ ਨੂੰ ਘੇਰ ਲਿਆ ਅਤੇ ਪੁਲਿਸ ਨੇ ਉਸਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਪੁਲਿਸ ਬਾਜਾ ਨੂੰ ਜਖਮੀ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ। ਹੁਣ ਪੁੱਛਗਿੱਛ ਬਾਅਦ ਹੀ ਸਾਹਮਣੇ ਆਵੇਗਾ ਕਿ ਉਸ ਨੇ ਏ.ਐਸ.ਆਈ ਦੇ ਪੁੱਤਰ ’ਤੇ ਗੋਲੀ ਕਿਉਂ ਚਲਾਈ ਸੀ ਅਤੇ ਉਹ ਪਾਕਿ ਡੌਨ ਦੇ ਸੰਪਰਕ ਵਿਚ ਕਿਵੇਂ ਆਇਆ। ਬਾਜਾ ਖਿਲਾਫ਼ 3 ਅਪਰਾਧਿਕ ਮਾਮਲੇ ਦਰਜ ਹਨ।