
ਰਸੋਈ ਗੈਸ ਦੀ ਕੀਮਤ ਵਿਚ ਪ੍ਰਤੀ ਸਿਲੰਡਰ 15 ਰੁਪਏ ਦਾ ਵਾਧਾ
ਨਵੀਂ ਦਿੱਲੀ, 6 ਅਕਤੂਬਰ : ਅੰਤਰਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਦੇ ਮੱਦੇਨਜ਼ਰ ਬੁਧਵਾਰ ਨੂੰ ਰਸੋਈ ਗੈਸ (ਐਲਪੀਜੀ) ਦੀ ਕੀਮਤ ਵਿਚ 15 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ, ਜਦੋਂਕਿ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਰਿਕਾਰਡ ਉਚਾਈ 'ਤੇ ਪਹੁੰਚ ਗਈਆਂ | ਸਬਸਿਡੀ ਵਾਲੇ ਅਤੇ ਗ਼ੈਰ ਸਬਸਿਡੀ ਵਾਲੇ ਐਲਪੀਜੀ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ | ਇਸ ਦੇ ਨਾਲ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਵਿਚ ਜੁਲਾਈ ਤੋਂ ਹੁਣ ਤਕ ਕੁੱਲ 90 ਰੁਪਏ ਵਧਾਏ ਗਏ ਹਨ | ਸਰਕਾਰੀ ਪ੍ਰਚੂਨ ਤੇਲ ਵਿਕਰੇਤਾ ਕੰਪਨੀਆਂ ਦੀ ਮੁੱਲ ਸੂਚਨਾ ਅਨੁਸਾਰ ਦਿੱਲੀ ਅਤੇ ਮੁੰਬਈ ਵਿਚ ਹੁਣ ਰਸੋਈ ਗੈਸ ਦੀ ਕੀਮਤ 899.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ | ਉਥੇ ਹੀ ਕੋਲਕਾਤਾ ਵਿਚ ਇਹ 926 ਰੁਪਏ ਹੈ | ਇਸ ਨਾਲ ਹੀ ਪਟਰੌਲ ਦੀ ਕੀਮਤ ਵਿਚ 30 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਵਿਚ 35 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ |
ਦਿੱਲੀ ਵਿਚ ਪਟਰੌਲ ਹੁਣ 102.94 ਰੁਪਏ ਅਤੇ ਡੀਜ਼ਲ ਦੀ ਕੀਮਤ 91.42 ਰੁਪਏ ਪ੍ਰਤੀ ਲਿਟਰ ਹੈ | ਇਸੇ ਤਰ੍ਹਾਂ ਮੁੰਬਈ ਵਿਚ ਇਹ ਕ੍ਰਮਵਾਰ 108.96 ਅਤੇ 99.17 ਰੁਪਏ ਪ੍ਰਤੀ ਲਿਟਰ ਹੈ | ਪਟਰੌਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਨਿਚਰਵਾਰ ਨੂੰ ਤੇਲ ਦੀਆਂ ਉਚੀਆਂ ਕੀਮਤਾਂ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਸੀ | ਪਟਰੌਲ ਕੀਮਤਾਂ 'ਤੇ ਪੁੱਛੇ ਗਏ ਸਵਾਲ 'ਤੇ ਹਰਦੀਪ ਪੁਰੀ 'ਛੱਡੋ ਵੀ' ਕਹਿ ਕੇ ਅੱਗੇ ਲੰਘ ਗਏ |
ਤੇਲ ਕੀਮਤਾਂ ਵਿਚ 10ਵੀਂ ਵਾਰ ਵਾਧੇ ਨਾਲ ਮੱਧ ਪ੍ਰਦੇਸ਼, ਰਾਜਸਥਾਨ, ਉੜੀਸਾ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਕਈ ਸ਼ਹਿਰਾਂ ਵਿਚ ਡੀਜ਼ਲ 100 ਰੁਪਏ ਤੋਂ ਪਾਰ ਲੰਘ ਗਿਆ | ਤੇਲ ਕੀਮਤਾਂ ਵਿਚ ਲਗਾਤਾਰ ਵਾਧੇ ਦੀ ਵਿਰੋਧੀ ਦਲਾਂ ਨੇ ਆਲੋਚਨਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਸਰਕਾਰ ਲੋਕਾਂ ਨੂੰ ਰਾਹਤ ਦੇਣ ਲਈ ਪਟਰੌਲ ਤੇ ਡੀਜ਼ਲ 'ਤੇ ਲਗਾਏ ਗਏ ਰਿਕਾਰਡ ਉਤਪਾਦ ਟੈਕਸ ਵਿਚ ਕਟੌਤੀ ਕਰੇ |
ਡੱਬੀ
ਸਰਕਾਰ ਨੇ ਸਮੇਂ ਸਮੇਂ 'ਤੇ ਕੀਮਤਾਂ ਵਧਾ ਕੇ ਜ਼ਿਆਦਾਤਰ ਸ਼ਹਿਰਾਂ ਦੀ ਖ਼ਤਮ ਕੀਤੀ ਸਬਸਿਡੀ
ਸਰਕਾਰ ਨੇ ਸਮੇਂ ਸਮੇਂ 'ਤੇ ਵਾਧਾ ਕਰ ਕੇ ਜ਼ਿਆਦਾਤਰ ਸ਼ਹਿਰਾਂ ਵਿਚ ਐਲਪੀਜੀ 'ਤੇ ਸਬਸਿਡੀ ਨੂੰ ਖ਼ਤਮ ਕਰ ਦਿਤਾ ਹੈ | ਆਮ ਪ੍ਰਵਾਰ ਜੋ ਇਕ ਸਾਲ ਵਿਚ ਰਿਆਤੀ ਦਰਾਂ 'ਤੇ 14.2 ਕਿਲੋਗ੍ਰਾਮ ਦੇ 12 ਸਿਲੰਡਰ ਦਾ ਹੱਕਦਾਰ ਹੈ ਅਤੇ ਮੁਫ਼ਤ ਕਨੈਕਸ਼ਨ ਪਾਉਣ ਵਾਲੇ ਉੱਜਵਲਾ ਯੋਜਨਾ ਵਾਲੇ ਹੁਣ ਬਾਜ਼ਾਰ ਮੁੱਲ ਦਾ ਭੁਗਤਾਨ ਕਰਦੇ ਹਨ | ਪੰਜ ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ ਹੁਣ 502 ਰੁਪਏ ਹੋ ਗਈ ਹੈ | ਜੁਲਾਈ ਤੋਂ ਬਾਅਦ ਰਸੋਈ ਗੈਸ ਦੀਆਂ ਕੀਮਤਾਂ ਵਿਚ ਇਹ ਚੌਥਾ ਵਾਧਾ ਹੈ | ਜੁਲਾਈ ਵਿਚ 25.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ | ਇਸ ਤੋਂ ਬਾਅਦ 17 ਅਗੱਸਤ ਅਤੇ ਇਕ ਸਤੰਬਰ ਨੂੰ 25-25 ਰੁਪਏ ਦਾ ਵਾਧਾ ਕੀਤਾ ਗਿਆ |