
ਪਿੰਡ ਹਸਨਪੁਰ 'ਚ ਝੋਨੇ ਦੀ ਫ਼ਸਲ 'ਤੇ ਚੀਨੀ ਵਾਇਰਸ ਦਾ ਹਮਲਾ
ਸਰਹਿੰਦ, 6 ਅਕਤੂਬਰ (ਅਮਰਬੀਰ ਸਿੰਘ ਚੀਮਾ): ਕਿਸਾਨਾਂ ਨੂੰ ਅਕਸਰ ਹੀ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਣਾ ਪੈਂਦਾ ਹੈ | ਇਸ ਵਾਰ ਜ਼ਿਲ੍ਹੇ ਦੇ ਪਿੰਡ ਹਸਨਪੁਰ ਉਰਫ ਛਲੇੜੀ ਖੁਰਦ ਵਿਖੇ ਝੋਨੇ ਦੀ ਖੜ੍ਹੀ ਫਸਲ 'ਤੇ ਚੀਨੀ ਵਾਇਰਸ ਦਾ ਹਮਲਾ ਹੋ ਗਿਆ ਹੈ, ਜਿਸ ਨਾਲ 8 ਏਕੜ ਤੋਂ ਵਧੇਰੇ ਝੋਨੇ ਦੀ ਫਸਲ ਨੁਕਸਾਨੀ ਗਈ ਹੈ |
ਇਸ ਮੌਕੇ ਪਿੰਡ ਦੇ ਕਿਸਾਨ ਰਾਜਦੀਪ ਸਿੰਘ, ਪਰਮਜੀਤ ਸਿੰਘ ਤੇ ਕੁਲਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨੀ ਵਾਇਰਸ ਆਉਣ ਕਾਰਨ ਉਨ੍ਹਾਂ ਦੀ 8 ਏਕੜ ਤੋਂ ਵੱਧ ਝੋਨੇ ਦੀ ਫਸਲ ਖਰਾਬ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਉਹ ਆਪਣੀ ਫਸਲ ਬਚਾਉਣ ਲਈ 40-50 ਹਜਾਰ ਰੁਪਏ ਦੇ ਕਰੀਬ ਕੀਮਤ ਦੀਆਂ ਦਵਾਈਆਂ ਵੀ ਪਾ ਚੁੱਕੇ ਹਨ ਪਰ ਇਸ ਸਭ ਦੇ ਬਾਵਜੂਦ ਵੀ ਕੋਈ ਫਾਇਦਾ ਨਹੀਂ ਹੋਇਆ |
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੋਈ ਭਾਰੀ ਬਰਸਾਤ ਕਾਰਨ ਵੀ ਉਨ੍ਹਾਂ ਦੀ ਫਸਲ ਪਾਣੀ 'ਚ ਡੁੱਬ ਗਈ ਸੀ | ਉਨ੍ਹਾਂ ਸਰਕਾਰ ਤੋਂ ਆਪਣੀਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਹੋਏ ਨੁਕਸਾਨ ਦੇ ਮੁਆਵਜੇ ਤੋਂ ਇਲਾਵਾ ਸੜਕ ਹੇਠਾਂ ਬਰਸਾਤੀ ਪਾਈਪ ਪਾਉਣ ਦੀ ਮੰਗ ਕੀਤੀ ਹੈ, ਤਾਂ ਜੋ ਝੋਨੇ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਦੇ ਨਾਲ-ਨਾਲ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਥਾਈ ਪ੍ਰਬੰਧ ਵੀ ਹੋ ਸਕੇ | ਇਸ ਮੌਕੇ ਉਕਤਾਂ ਤੋਂ ਇਲਾਵਾ ਪੱਪੂ, ਅਮਰਬੀਰ ਸਿੰਘ, ਕਾਲੂ , ਸੋਨੂੰ ਤੇ ਮੰਗੀ ਆਦਿ ਹਾਜ਼ਰ ਸਨ |
1