ਅਪਣੇ ਕਲੀਨਿਕ 'ਚ ਮ੍ਰਿਤਕ ਪਾਈ ਗਈ ਡਾ. ਗੁਰਪ੍ਰੀਤ ਕੌਰ
ਅੰਮ੍ਰਿਤਸਰ (ਗੁਰਪ੍ਰੀਤ ਸਿੰਘ): ਗੁਰੂ ਨਾਨਕ ਮੋਦੀਖ਼ਾਨੇ ਦੇ ਵਿਰੋਧ ਨਾਲ ਸੁਰਖ਼ੀਆਂ ਵਿਚ ਆਈ ਅੰਮ੍ਰਿਤਸਰ ਦੀ ਇਕ ਮਹਿਲਾ ਡਾਕਟਰ ਗੁਰਪ੍ਰੀਤ ਕੌਰ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਹ ਅਪਣੇ ਕਲੀਨਿਕ ਵਿਚ ਮ੍ਰਿਤਕ ਪਾਈ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਮਹਿਲਾ ਅਪਣੇ ਗੋਦ ਲਏ ਬੇਟੇ ਨੂੰ ਲੈ ਕੇ ਡਿਪਰੈਸ਼ਨ ਵਿਚ ਸੀ ਕਿਉਂਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ ਪਰ ਉਸ ਦੇ ਨਾਮ ਵਿਚ ਕੋਈ ਸਮੱਸਿਆ ਸੀ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹਨਾਂ ਦੀ ਮੌਤ ਕੋਈ ਦਵਾਈ ਖਾਣ ਨਾਲ ਹੋਈ ਹੈ ਕਿਉਂਕਿ ਉਨ੍ਹਾਂ ਦੀ ਲਾਸ਼ ਕੋਲੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ ਪਰ ਅਸਲ ਸੱਚ ਪੋਸਟਮਾਰਟਮ ਦੀ ਰਿਪੋਰਟ ਮਗਰੋਂ ਹੀ ਸਾਹਮਣੇ ਆ ਸਕੇਗਾ।
ਮਹਿਲਾ ਪੁਲਿਸ ਅਧਿਕਾਰੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦੇ ਭਰਾ ਤੋਂ ਪਤਾ ਚੱਲਿਆ ਕਿ ਪਿਛਲੇ 7 ਸਾਲਾਂ ਤੋਂ ਗੁਰਪ੍ਰੀਤ ਡਿਪਰੈਸ਼ਨ ਵਿਚ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਮ੍ਰਿਤਕਾ ਦੇ ਗੋਦ ਲਏ ਲੜਕੇ ਨੇ ਕਿਹਾ ਕਿ ਘਰ ਵਿਚ ਸਭ ਠੀਕ ਠਾਕ ਸੀ, ਉਸ ਨੂੰ ਫ਼ੋਨ 'ਤੇ ਮਾਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ, ਜਿਸ ਤੋਂ ਬਾਅਦ ਉਹ ਘਰ ਆਇਆ।
ਦੱਸ ਦਈਏ ਕਿ ਡਾ. ਗੁਰਪ੍ਰੀਤ ਕੌਰ ਉਸ ਸਮੇਂ ਸੁਰਖ਼ੀਆਂ ਵਿਚ ਆਈ ਸੀ ਜਦੋਂ ਉਹਨਾਂ ਨੇ ਅਪਣੀ ਫੇਸਬੁੱਕ ਵੀਡੀਓ ਜ਼ਰੀਏ ਲੁਧਿਆਣਾ ਵਿਚ ਮੋਦੀਖ਼ਾਨਾ ਖੋਲ੍ਹਣ ਵਾਲੇ ਬਲਜਿੰਦਰ ਜਿੰਦੂ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਸੀ, ਉਹ ਅਪਣਾ ਕੰਮ ਸਹੀ ਤਰੀਕੇ ਨਾਲ ਕਰਦੀ ਹੈ ਅਤੇ ਗਾਹਕਾਂ ਤੋਂ ਜਾਇਜ਼ ਪੈਸੇ ਲੈਂਦੀ ਹੈ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।