
ਬਲਾਚੌਰ ਦੇ ਮਾਸੂਮ ਦੀ ਹਤਿਆ ਬਾਅਦ ਕਾਤਲ ਦੀ ਮਾਂ ਵਲੋਂ ਖ਼ੁਦਕੁਸ਼ੀ
ਬਲਾਚੌਰ, 6 ਨਵੰਬਰ (ਅਮਰੀਕ ਸਿੰਘ ਢੀਂਡਸਾ): ਜ਼ਿਲ੍ਹਾ ਨਵਾਂਸ਼ਹਿਰ ਦੀ ਬਲਾਚੌਰ ਡਿਵੀਜ਼ਨ ਵਿਖੇ ਇਕ ਵਿਦਵਾ ਔਰਤ ਦੇ 16 ਸਾਲਾ ਮਾਸੂਮ ਪੁੱਤਰ ਤਰਨਵੀਰ ਸਿੰਘ ਦੀ ਉਸ ਦੇ ਗੁਆਂਢੀ ਵਲੋਂ ਪੈਸਿਆ ਦੇ ਲਾਲਚ ਕਾਰਨ ਧੋਖੇ ਨਾਲ ਗੱਡੀ ਵਿਚ ਬਿਠਾ ਕੇ ਫਿਰੌਤੀ ਮੰਗਣ ਦੀ ਨੀਅਤ ਤੋਂ ਬਾਅਦ ਅਪਣੇ ਕਾਤਲ ਸਹਿਯੋਗੀ ਨਾਲ ਰੱਲ ਕੇ ਰੱਸੀ ਨਾਲ ਗਲਾ ਘੁਟ ਕੇ ਹਤਿਆ ਕਰਨ ਉਪਰੰਤ ਲਾਸ਼ ਸਰਹੰਦ ਨਹਿਰ ਵਿਚ ਸੁੱਟ ਦਿਤੀ ਗਈ ਸੀ। ਨਵਾਂਸ਼ਹਿਰ ਪੁਲਿਸ ਵਲੋਂ ਕਾਤਲਾਂ ਦਾ ਸੁਰਾਗ ਕੱਢ ਕੇ ਜਿੱਥੇ ਲਾਸ਼ ਬਰਾਮਦ ਕੀਤੀ ਗਈ ਸੀ। ਉੱਥੇ ਦੋਵੇਂ ਹਤਿਆਰੇ ਕਾਬੂ ਕਰ ਕੇ ਉਨ੍ਹਾਂ ਤੇ 302 ਦਾ ਮੁੱਕਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕੀਤੀ ਹੋਈ ਹੈ।
ਗੁਆਂਢੀਆਂ ਦੇ ਬੇਕਸੂਰ ਅਤੇ ਮਾਸੂਮ ਪੁੱਤਰ ਦੀ ਹਤਿਆਂ ਕਰਨ ਵਾਲੇ ਹਤਿਆਰੇ ਦੀ ਮਾਂ ਵਲੋਂ ਪੁੱਤ ਦੀ ਮਾੜੀ ਕਰਤੂਤ ਕਾਰਨ ਪਰਵਾਰ ਨੂੰ ਮਿਲੀ ਨਮੋਸ਼ੀ ਅਤੇ ਲਾਹਣਤਾਂ ਨੂੰ ਕਾਤਲ ਦੀ 65 ਸਾਲਾ ਮਾਂ ਬਰਦਾਸ਼ਤ ਨਾ ਕਰ ਸਕੀ। ਉਸ ਨੇ ਇਕ ਮਾਂ ਦੇ ਜਿਗਰ ਦੇ ਟੁੱਕੜੇ ਨੂੰ ਅਪਣੇ ਹੀ ਕਾਤਲ ਬਣ ਗਏ ਕਪੁੱਤ ਵਲੋਂ ਮਾਰ ਦਿਤੇ ਜਾਣ ਕਾਰਨ ਅਪਣੇ ਆਪ ਨੂੰ ਕਸੂਰਵਾਰ ਮੰਨਿਆ ਜਿਸ ਨੇ ਅਪਣੀ ਕੁੱਖੋਂ ਨਲਾਇਕ ਅਤੇ ਹਤਿਆਰੇ ਕਪੁੱਤ ਨੂੰ ਜਨਮ ਦਿਤਾ। ਉਸ ਵਲੋਂ ਰੋ-ਰੋ ਕੇ ਅਪਣੇ ਕਪੁੱਤ ਵਲੋਂ ਤਰਨਵੀਰ ਸਿੰਘ ਦੀ ਮਾਂ ਦੀ ਗੋਦ ਉਜਾੜਨ ਲਈ ਅਪਣੇ ਕਾਤਲ ਪੁੱਤ ਨੂੰ ਲਾਹਣਤਾਂ ਪਾਉਂਦਿਆਂ ਅਤੇ ਸਮਾਜ ਵਲੋਂ ਪਰਵਾਰ ਨੂੰ ਪੈਂਦੀਆਂ ਲਾਹਣਤਾਂ ਨਾ ਸਹਾਰ ਦੇ ਹੋਏ ਜ਼ਹਿਰੀਲੀ ਦਵਾਈ ਪੀ ਲਈ ਜਿਸ ਤੋਂ ਬਾਅਦ ਉ ਸਨੂੰ ਬਲਾਚੌਰ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਅੱਜ ਤੜਕਸਾਰ ਉਸ ਨੇ ਦਮ ਤੋੜ ਦਿਤਾ।