ਕੈਪਟਨ ਸਰਕਾਰ (2002- 2007) ਦੌਰਾਨ ਵੀ ਕਰਮਚਾਰੀਆਂ ਨੂੰ ਦਿੱਤੀ ਗਈ ਸੀ ਟ੍ਰੇਨਿੰਗ
ਚੰਡੀਗੜ੍ਹ: ਪੰਜਾਬ ਦੇ ਥਾਣਿਆਂ ਅਤੇ ਚੌਕੀਆਂ 'ਚ ਹੁਣ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਿਕਾਇਤਕਰਤਾਵਾਂ ਨੂੰ ਜੀ ਆਇਆਂ ਨੂੰ’ ਅਤੇ ‘ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ’ ਕਹਿ ਕੇ ਸੰਬੋਧਨ ਕਰਨਗੇ। ਇਸ ਦੇ ਲਈ ਪੰਜਾਬ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦੇ ਰਹੀ ਹੈ।ਸਿਖਲਾਈ ਲੈਣ ਵਾਲਿਆਂ ਵਿਚ ਇੰਸਪੈਕਟਰ, ਸਬ ਇੰਸਪੈਕਟਰ, ਸਹਾਇਕ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਸ਼ਾਮਲ ਹਨ। ਇੰਨਾ ਹੀ ਨਹੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ 422 ਥਾਣਿਆਂ ਅਤੇ ਚੌਕੀਆਂ ਵਿਚ ਫਰੰਟ ਡੈਸਕ ਵੀ ਸਥਾਪਤ ਕੀਤੇ ਜਾਣਗੇ। ਇਸ ਨਾਲ ਲੋਕਾਂ ਦੀ ਇਹ ਸ਼ਿਕਾਇਤ ਦੂਰ ਹੋ ਜਾਵੇਗੀ ਕਿ ਪੁਲਿਸ ਅਧਿਕਾਰੀ-ਕਰਮਚਾਰੀ ਉਹਨਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੰਦੇ।
ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਸ਼ਿਕਾਇਤਕਰਤਾ ਥਾਣੇ ਜਾਂ ਚੌਕੀ 'ਚ ਜਾਂਦਾ ਹੈ ਤਾਂ ਉਸ ਨਾਲ ਸਿਰਫ ਤੂੰ-ਤੜਾਕ ਨਾਲ ਹੀ ਗੱਲ ਕੀਤੀ ਜਾਂਦੀ ਹੈ ਚਾਹੇ ਉਸ ਨੇ ਕੋਈ ਅਪਰਾਧ ਕੀਤਾ ਹੈ ਜਾਂ ਨਹੀਂ, ਪੁਲਿਸ ਸਭ ਨਾਲ ਅਪਰਾਧੀਆਂ ਵਾਂਗ ਹੀ ਗੱਲ ਕਰਦੀ ਹੈ। ਪੰਜਾਬ ਵਿਚ ਬਹੁਤ ਸਾਰੇ ਪ੍ਰਵਾਸੀ ਭਾਰਤੀ ਹਨ ਅਤੇ ਇਹ ਪ੍ਰਵਾਸੀ ਭਾਰਤੀ ਥੋੜ੍ਹੇ ਸਮੇਂ ਲਈ ਹੀ ਪੰਜਾਬ ਆਉਂਦੇ ਹਨ। ਵੱਖ-ਵੱਖ ਪ੍ਰਵਾਸੀ ਭਾਰਤੀਆਂ ਦੀ ਸ਼ਿਕਾਇਤ ਹੈ ਕਿ ਪੁਲਿਸ ਉਹਨਾਂ ਨਾਲ ਇੱਜ਼ਤ ਨਾਲ ਗੱਲ ਨਹੀਂ ਕਰਦੀ। ਇਸ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਪੁਲਿਸ ਦੇ ਸਖ਼ਤ ਰਵੱਈਏ ਨੂੰ ਲੈ ਕੇ ਲੋਕਾਂ ਦੀਆਂ ਸ਼ਿਕਾਇਤਾਂ ਸਰਕਾਰ ਕੋਲ ਆ ਰਹੀਆਂ ਸਨ। ਮੌਜੂਦਾ ਨਾਲ ਹੀ ਨਹੀਂ ਪਿਛਲੀ ਸਰਕਾਰ ਕੋਲ ਵੀ ਸ਼ਿਕਾਇਤਾਂ ਆ ਰਹੀਆਂ ਸਨ। ਹੁਣ ਨਵੀਂ ਸਰਕਾਰ ਨੇ ਪੰਜਾਬ ਪੁਲਿਸ ਨੂੰ ਥਾਣਿਆਂ, ਚੌਕੀਆਂ ਅਤੇ ਹੈੱਡਕੁਆਰਟਰਾਂ ਵਿਚ ਆਉਣ ਵਾਲੇ ਲੋਕਾਂ ਨਾਲ ਸਤਿਕਾਰ ਨਾਲ ਗੱਲ ਕਰਨ ਅਤੇ ਫਰੰਟ ਡੈਸਕ ਸਥਾਪਤ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ 2002-2007 ਤੱਕ ਕੈਪਟਨ ਸਰਕਾਰ ਸਮੇਂ ਵੀ ਪੁਲਿਸ ਕਰਮਚਾਰੀਆਂ ਨੂੰ ਅਜਿਹੀ ਟ੍ਰੇਨਿੰਗ ਦਿੱਤੀ ਗਈ ਸੀ।
ਪੁਲਿਸ ਥਾਣਿਆਂ ਵਿਚ ਜਨਤਾ ਨਾਲ ਕੀਤੇ ਗਏ ਵਰਤਾਅ ਨੂੰ ਏਸੀਆਰ (ਸਲਾਨਾ ਚਰਿੱਤਰ ਰਿਪੋਰਟ) ਵਿਚ ਦਰਜ ਕੀਤਾ ਜਾਵੇਗਾ। ਜਿਸ ਤੋਂ ਪਤਾ ਲੱਗੇਗਾ ਕਿ ਪੁਲਿਸ ਨੇ ਸਾਲ ਭਰ ਥਾਣਿਆਂ ਵਿਚ ਸ਼ਿਕਾਇਤਕਰਤਾਵਾਂ ਨਾਲ ਕਿਹੋ ਜਿਹਾ ਸਲੂਕ ਕੀਤਾ। ਏਸੀਆਰ ਦੇ ਆਧਾਰ 'ਤੇ ਪੁਲਿਸ ਮੁਲਾਜ਼ਮਾਂ ਨੂੰ ਗਰੇਡਿੰਗ ਦਿੱਤੀ ਜਾਂਦੀ ਹੈ। ਤਰੱਕੀ ਦੌਰਾਨ ਸਾਰੇ ਪੁਲਿਸ ਮੁਲਾਜ਼ਮਾਂ ਦਾ ਵਤੀਰਾ ਅਹਿਮ ਰੋਲ ਅਦਾ ਕਰੇਗਾ।
ਪੰਜਾਬ ਵਿਚ ਤਿੰਨ ਤਰ੍ਹਾਂ ਦੇ ਥਾਣੇ ਬਣਾਏ ਗਏ ਹਨ, ਪਹਿਲੇ ਨੰਬਰ ’ਤੇ ਜਨਰਲ ਥਾਣਾ- ਇਸ ਵਿਚ ਲੜਾਈ-ਝਗੜੇ, ਚੋਰੀ, ਡਕੈਤੀ, ਨਸ਼ਾ-ਸ਼ਰਾਬ ਦੀ ਤਸਕਰੀ, ਜ਼ਮੀਨ ਜਾਇਦਾਦ ਨਾਲ ਸਬੰਧਤ ਮਾਮਲੇ ਦਰਜ ਹੁੰਦੇ ਹਨ। ਦੂਜੇ ਨੰਬਰ ’ਤੇ ਮਹਿਲਾ ਥਾਣੇ- ਇੱਥੇ ਔਰਤਾਂ ਦੇ ਅਪਰਾਧ ਦੀਆਂ ਸ਼ਿਕਾਇਤਾਂ ਦਰਜ ਹੁੰਦੀਆਂ ਹਨ। ਤੀਜੇ ਨੰਬਰ ’ਤੇ ਐਨਆਰਆਈ ਪੁਲਿਸ ਸਟੇਸ਼ਨ- ਇਹਨਾਂ ਥਾਣਿਆਂ ਵਿਚ ਜ਼ਿਆਦਾਤਰ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾਂਦੀ ਹੈ।
ਫਰੰਟ ਡੈਸਕ ਰਾਹੀਂ ਲੋਕ ਆਪਣੀਆਂ ਸ਼ਿਕਾਇਤਾਂ ਦਾ ਫਾਲੋ-ਅੱਪ ਪ੍ਰਾਪਤ ਕਰ ਸਕਣਗੇ। ਸ਼ਿਕਾਇਤ ਦਰਜ ਹੋਣ ਤੋਂ ਬਾਅਦ, ਇਸ ਦੀ ਕਾਪੀ ਜਾਂ ਆਈਡੀ ਡਾਕ 'ਤੇ ਦਿੱਤੀ ਜਾਵੇਗੀ। ਦੱਸਿਆ ਜਾਵੇਗਾ ਕਿ ਸਬੰਧਤ ਵਿਭਾਗ ਜਾਂ ਅਧਿਕਾਰੀ ਇਸ ਦੀ ਜਾਂਚ ਕਰ ਰਿਹਾ ਹੈ। ਤੁਸੀਂ ਆਪਣੀ ਸ਼ਿਕਾਇਤ ਦੇ ਫਾਲੋ-ਅੱਪ ਨੂੰ ਕੁਝ ਸਮੇਂ ਦੇ ਅੰਦਰ ਹੀ ਜਾਣ ਸਕੋਗੇ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਲੋਕਾਂ ਵਿਚ ਪੁਲਿਸ ਦੇ ਨਕਾਰਾਤਮਕ ਅਕਸ ਨੂੰ ਤੋੜਨ ਦੇ ਉਦੇਸ਼ ਨਾਲ ਵਿਸ਼ੇਸ਼ ਸਿਖਲਾਈ ਸੈਸ਼ਨ ਸ਼ੁਰੂ ਕੀਤਾ ਗਿਆ ਹੈ। ਕਰੀਬ 50 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾਵੇਗੀ।