
Sangrur News : ਸਿਹਤ ਵਿਭਾਗ ਦੀ ਚੌਕਸੀ ਕਾਰਨ ਇਸ ਸਾਲ ਡੇਂਗੂ ਦੇ ਮਾਮਲਿਆਂ ’ਚ ਆਈ ਕਮੀ
Sangrur News : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਸਿਹਤ ਸੰਭਾਲ, ਬੁਨਿਆਦੀ ਢਾਂਚੇ ਦੀ ਮਜਬੂਤੀ ਅਤੇ ਸਰਵੋਤਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਡਾ. ਬਲਬੀਰ ਸਿੰਘ ਅੱਜ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਮੌਜੂਦਗੀ ਵਿੱਚ ਸਿਵਲ ਹਸਪਤਾਲ ਸੰਗਰੂਰ ਵਿਖੇ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਪੁੱਜੇ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ 4 ਹੋਰ ਜ਼ਿਲਿਆਂ ਵਿੱਚ ਨਵੇਂ ਸਰਕਾਰੀ ਮੈਡੀਕਲ ਕਾਲਜ ਬਣਾਏ ਜਾਣਗੇ ਜਿਨਾਂ ਦੇ ਨਿਰਮਾਣ ਕਾਰਜ ਅਗਲੇ ਛੇ ਮਹੀਨਿਆਂ ਤੱਕ ਸ਼ੁਰੂ ਹੋ ਜਾਣਗੇ। ਉਹਨਾਂ ਦੱਸਿਆ ਕਿ ਹੁਸ਼ਿਆਰਪੁਰ, ਕਪੂਰਥਲਾ , ਸੰਗਰੂਰ ਤੇ ਮਲੇਰਕੋਟਲਾ ਵਿਖੇ ਇਹ ਨਵੇਂ ਸਰਕਾਰੀ ਮੈਡੀਕਲ ਕਾਲਜ ਬਣਾਉਣ ਦੀ ਪ੍ਰਕਿਰਿਆ ਆਰੰਭ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਐਮਰਜੈਸੀ ਵਾਰਡਾਂ ਵਿੱਚ ਮਰੀਜ਼ਾਂ ਦੀ ਸੁਵਿਧਾ ਲਈ ਫੈਸਿਲੀਟੇਸ਼ਨ ਸੈਂਟਰ ਸਥਾਪਿਤ ਕੀਤੇ ਜਾਣਗੇ ਜਿਸ ਤਹਿਤ ਮਰੀਜ਼ ਨਾਲ ਕੇਵਲ ਇੱਕ ਰਿਸ਼ਤੇਦਾਰ ਹੀ ਸਹਾਇਕ ਦੇ ਤੌਰ ਉੱਤੇ ਐਮਰਜੈਸੀ ਵਾਰਡ ਵਿੱਚ ਦਾਖਲ ਹੋ ਸਕੇਗਾ ਜਦਕਿ ਮਰੀਜ਼ ਦੇ ਸਹਿਯੋਗ ਲਈ ਡਾਕਟਰੀ ਤੇ ਪੈਰਾ ਮੈਡੀਕਲ ਸਟਾਫ ਦੀ ਤਾਇਨਾਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਜਿਹਾ ਐਮਰਜੈਂਸੀ ਵਾਰਡਾਂ ਵਿੱਚ ਵਾਧੂ ਦੇ ਭੀੜ ਭੜੱਕੇ ਨੂੰ ਵਿਵਸਥਤ ਕਰਨ ਲਈ ਕੀਤਾ ਜਾ ਰਿਹਾ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਵਿੱਚ ਇਸ ਸਾਲ ਡੇਂਗੂ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਕਿਉਂਕਿ ਸਿਹਤ ਵਿਭਾਗ ਨਿਰੰਤਰ ਇਸ ਸਬੰਧੀ ਚੌਕਸੀ ਰੱਖ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਕਾਇਆ ਕਲਪ ਕਰਕੇ ਹਰ ਪੱਖੋਂ ਸਰਵੋਤਮ ਸਿਹਤ ਸੁਵਿਧਾਵਾਂ ਪ੍ਰਦਾਨ ਕਰਦੇ ਹੋਏ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਸਾਰਥਕ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਫਰਿਸ਼ਤੇ ਸਕੀਮ, ਸੜਕ ਸੁਰੱਖਿਆ ਫੋਰਸ ਅਤੇ 108 ਐਬੂਲੈਂਸ ਸੇਵਾਵਾਂ ਨਾ ਕੇਵਲ ਪੰਜਾਬ ਦੇ ਮਰੀਜ਼ਾਂ ਬਲਕਿ ਪੰਜਾਬ ਦੀ ਹਦੂਦ ਅੰਦਰ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਫੱਟੜ ਹੋਣ ਵਾਲੇ ਕਿਸੇ ਵੀ ਸੂਬੇ ਦੇ ਵਿਅਕਤੀ ਦੀ ਕੀਮਤੀ ਜਾਨ ਨੂੰ ਬਚਾਉਣ ਵਿੱਚ ਲਾਹੇਵੰਦ ਸਾਬਤ ਹੋ ਰਹੀਆਂ ਹਨ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਮਰੀਜ਼ਾਂ ਦੀ ਦਵਾਈਆਂ ਸਬੰਧੀ ਜਰੂਰਤ ਨੂੰ ਪੂਰਾ ਕਰਨ ਲਈ ਹਸਪਤਾਲ ਦੇ ਅੰਦਰੋਂ ਹੀ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਡਾਕਟਰਾਂ ਦੁਆਰਾ ਬਾਹਰੋਂ ਦਵਾਈਆਂ ਲਿਆਉਣ ਦੀਆਂ ਪਰਚੀਆਂ ਲਿਖਣ ਦੀ ਪਿਰਤ ਉੱਤੇ ਮੁਕੰਮਲ ਤੌਰ ਤੇ ਰੋਕ ਲਗਾਈ ਜਾ ਸਕੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਵਿਧਾਇਕ ਸੰਗਰੂਰ ਸ਼੍ਰੀਮਤੀ ਨਰਿੰਦਰ ਕੌਰ ਭਰਾਜ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਸਿਵਲ ਸਰਜਨ ਡਾ. ਕਿਰਪਾਲ ਸਿੰਘ ਸਮੇਤ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਕੇ ਦਵਾਈਆਂ ਇਲਾਜ ਸੁਵਿਧਾਵਾਂ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਸਬੰਧੀ ਫੀਡਬੈਕ ਹਾਸਿਲ ਕੀਤੀ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਲਾਜ ਸੁਵਿਧਾਵਾਂ ਅਤੇ ਦਵਾਈਆਂ ਆਦਿ ਪੱਖੋਂ ਮਰੀਜ਼ ਸੰਤੁਸ਼ਟ ਨਜ਼ਰ ਆਏ ਪਰ ਉਹਨਾਂ ਨੂੰ ਆਪਣੇ ਦੋਰੇ ਦੌਰਾਨ ਬਾਥਰੂਮ ਅਤੇ ਸਾਫ ਸਫਾਈ ਵਿਵਸਥਾਵਾਂ ਵਿੱਚ ਹੋਰ ਸੁਧਾਰ ਕੀਤੇ ਜਾਣ ਦੀ ਲੋੜ ਮਹਿਸੂਸ ਹੋਈ ਜਿਸ ਦੇ ਮੱਦੇ ਨਜ਼ਰ ਜਲਦੀ ਹੀ ਇਸ ਸਬੰਧੀ ਵੱਡੇ ਸੁਧਾਰ ਯਕੀਨੀ ਬਣਾਏ ਜਾਣਗੇ।
(For more news apart from Within next six months, government medical colleges will start to be built in 4 other districts of Punjab- Dr. Balbir News in Punjabi, stay tuned to Rozana Spokesman)