
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਰੇਲਵੇ ਕ੍ਰਾਸਿੰਗ ਦੇ ਗੇਟਮੈਨ ਅਤੇ ਪ੍ਰਬੰਧਕਾਂ ਉੱਪਰ...
ਚੰਡੀਗੜ੍ਹ (ਭਾਸ਼ਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਰੇਲਵੇ ਕ੍ਰਾਸਿੰਗ ਦੇ ਗੇਟਮੈਨ ਅਤੇ ਪ੍ਰਬੰਧਕਾਂ ਉੱਪਰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਪ੍ਰੈਸ ਬਿਆਨ ਮੁਤਾਬਕ ਜਾਂਚ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਬੇਸ਼ੱਕ ਰੇਲ ਲਾਈਨਾਂ 'ਤੇ ਖੜ੍ਹਨਾ ਲੋਕਾਂ ਦੀ ਗ਼ਲਤੀ ਸੀ ਪਰ ਪ੍ਰਬੰਧਕਾਂ ਨੇ ਇਸ ਸਮਾਗਮ ਮੌਕੇ ਸੁਰੱਖਿਆ ਨੂੰ ਅਣਗੌਲਿਆ ਕੀਤਾ ਹੈ। ਸਮਾਗਮ ਦੇ ਪ੍ਰਬੰਧਕਾਂ ਉੱਪਰ ਕੋਈ ਠੋਸ ਪ੍ਰਵਾਨਗੀ ਅਤੇ ਸੂਚਨਾ ਆਦਿ ਨਾ ਹੋਣ ਦੀ ਸੂਰਤ ਵਿੱਚ ਰਿਪੋਰਟ ਵਿੱਚ ਉਨ੍ਹਾਂ ਨੂੰ ਵੀ ਕਸੂਰਵਾਰ ਠਹਿਰਾਇਆ ਗਿਆ ਹੈ।
Train Accident
ਡਿਵੀਜ਼ਨਲ ਕਮਿਸ਼ਨਰ ਨੇ ਇਹ ਵੀ ਦੱਸਿਆ ਹੈ ਕਿ ਜੇਕਰ ਪ੍ਰਬੰਧਕ 10-12 ਫੁੱਟ ਉੱਚੀ ਓਟ ਕਰ ਦਿੰਦੇ ਤਾਂ ਲੋਕਾਂ ਨੂੰ ਰੇਲਵੇ ਲਾਈਨ 'ਤੇ ਖੜ੍ਹ ਕੇ ਵੀ ਕੁਝ ਨਹੀਂ ਸੀ ਦਿੱਸਣਾ, ਜੋ ਉਹ ਮੈਦਾਨ ਦੀ ਕੰਧ ਤੋਂ ਪਾਰ ਦੇਖਣ ਲਈ ਉੱਥੇ ਖੜ੍ਹ ਗਏ ਸਨ। ਜਾਂਚ ਰਿਪੋਰਟ ਵਿੱਚ ਸਿੱਟਾ ਕੱਢਿਆ ਗਿਆ ਹੈ ਕਿ ਜੌੜਾ ਫਾਟਕ ਨੇੜੇ ਗੇਟ ਨੰ. 27 'ਤੇ ਤਾਇਨਾਤ ਗੇਟਮੈਨ ਅਮਿਤ ਸਿੰਘ ਨੇ ਆਪਣੀ ਡਿਊਟੀ ਨੂੰ ਠੀਕ ਢੰਗ ਨਾਲ ਨਹੀਂ ਨਿਭਾਇਆ ਅਤੇ ਗੰਭੀਰ ਗ਼ਲਤੀ ਵੀ ਕੀਤੀ। ਉਹ ਸੌਖਿਆਂ ਹੀ ਇਸ ਵੱਡੇ ਹਾਦਸੇ ਨੂੰ ਟਾਲ ਸਕਦਾ ਸੀ।
Train Accident
ਰਿਪੋਰਟ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਬੀਤੀ 19 ਅਕਤੂਬਰ ਨੂੰ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਦੁਸ਼ਹਿਰਾ ਦੇਖ ਰਹੇ ਲੋਕਾਂ ਉੱਪਰ ਟਰੇਨ ਚੜ੍ਹਨ ਕਾਰਨ 61 ਜਣਿਆਂ ਦੀ ਮੌਤ ਹੋ ਗਈ ਸੀ ਅਤੇ ਜਲੰਧਰ ਦੇ ਡਿਵੀਜ਼ਨ ਕਮਿਸ਼ਨਰ ਬੀ. ਪੁਰੂਸ਼ਾਰਥਾ ਨੇ ਇਸ ਘਟਨਾ ਦੀ ਜਾਂਚ ਕਰ ਮੁੱਖ ਮੰਤਰੀ ਨੂੰ ਰਿਪੋਰਟ ਸੌਂਪੀ ਸੀ।