
ਕਿਸਾਨ ਜਥੇਬੰਦੀਆਂ ਵਲੋਂ ਸੱਦੇ ਭਾਰਤ ਬੰਦ ਦੇ ਸਮਰਥਨ 'ਚ ਰੋਸ ਪ੍ਰਦਰਸ਼ਨ ਕਰੇਗੀ ਕਾਂਗਰਸ
ਨਵੀਂ ਦਿੱਲੀ, 6 ਦਸੰਬਰ: ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਜਥੇਬੰਦੀਆਂ ਵਲੋਂ ਅੱਠ ਦਸੰਬਰ ਨੂੰ ਸੱਦੇ ਭਾਰਤ ਬੰਦ ਬਾਰੇ ਕਾਂਗਰਸ ਨੇ ਐਤਵਾਰ ਨੂੰ ਪੂਰਾ ਸਮਰਥਨ ਪ੍ਰਗਟਾਇਆ ਅਤੇ ਐਲਾਨ ਕੀਤਾ ਕਿ ਇਸ ਦਿਨ ਉਹ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿਚ ਸਾਰੇ ਜ਼ਿਲ੍ਹਿਆਂ ਅਤੇ ਸੂਬਾਈ ਦਫ਼ਤਰਾਂ ਵਿਚ ਪ੍ਰਦਰਸ਼ਨ ਕਰੇਗੀ।
ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ 26 ਨਵੰਬਰ ਤੋਂ ਡਟੇ ਹੋਏ ਹਜ਼ਾਰਾਂ ਕਿਸਾਨਾਂ ਦੇ ਨੁਮਾਇੰਦਿਆਂ ਨੇ 8 ਦਸੰਬਰ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਈ ਪੂਰੀ ਤਾਕਤ ਦੇ ਨਾਲ ਭਾਰਤ ਬੰਦ ਕੀਤਾ ਜਾਵੇਗਾ।
ਇਥੇ ਕਾਂਗਰਸ ਦੇ ਮੁੱਖ ਦਫ਼ਤਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ, ਮੈਂ ਇਥੇ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਕਾਂਗਰਸ 8 ਦਸੰਬਰ ਨੂੰ ਭਾਰਤ ਬੰਦ ਦਾ ਪੂਰਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਟਰੈਕਟਰ ਰੈਲੀਆਂ, ਦਸਤਖ਼ਤ ਮੁਹਿੰਮਾਂ ਅਤੇ ਕਿਸਾਨ ਰੈਲੀਆਂ ਰਾਹੀਂ ਕਿਸਾਨਾਂ ਦੇ ਹੱਕ ਵਿਚ ਪਾਰਟੀ ਦੀ ਆਵਾਜ਼ ਬੁਲੰਦ ਕਰ ਰਹੇ ਹਨ।
ਖੇੜਾ ਨੇ ਕਿਹਾ ਕਿ ਸਾਡੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਰਾਜ ਦੇ ਮੁੱਖ ਦਫ਼ਤਰਾਂ ਦੇ ਵਰਕਰ ਇਸ ਬੰਦ ਵਿਚ ਹਿੱਸਾ ਲੈਣਗੇ। (ਪੀਟੀਆਈ)
ਉਹ ਪ੍ਰਦਰਸ਼ਨ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਬੰਦ ਸਫ਼ਲ ਰਹੇ।
ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਸਾਡੇ ਕਿਸਾਨਾਂ ਦੀ ਤਰਸਯੋਗ ਸਥਿਤੀ ਨੂੰ ਵੇਖ ਰਹੀ ਹੈ। ਸਾਰੀ ਦੁਨੀਆਂ ਇਸ ਭਿਆਨਕ ਦ੍ਰਿਸ਼ ਨੂੰ ਵੇਖ ਰਹੀ ਹੈ ਕਿ ਕਿਸਾਨ ਸਰਦੀਆਂ ਦੀਆਂ ਰਾਤਾਂ ਦੌਰਾਨ ਰਾਜਧਾਨੀ ਦੇ ਬਾਹਰ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਦੀ ਗੱਲ ਸੁਣ ਲਵੇ।
ਦਸਣਯੋਗ ਹੈ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਸਨਿਚਰਵਾਰ ਨੂੰ ਬੇਸਿਟਾ ਰਹੀ।
ਗੱਲਬਾਤ ਦੇ ਪੰਜ ਗੇੜ ਹੋ ਚੁਕੇ ਹਨ ਅਤੇ ਅਗਲੀ ਬੈਠਕ ਕੇਂਦਰ ਵਲੋਂ 9 ਦਸੰਬਰ ਨੂੰ ਬੁਲਾਈ ਗਈ ਹੈ। (ਪੀਟੀਆਈ)