
ਪਾਕਿ ’ਚ ਭੀੜ ਵਲੋਂ ਮਾਰੇ ਗਏ ਸ਼੍ਰੀਲੰਕਾਈ ਨਾਗਰਿਕ ਦੀ ਮ੍ਰਿਤਕ ਦੇਹ ਭੇਜੀ ਕੋਲੰਬੋ
ਲਾਹੌਰ, 6 ਦਸੰਬਰ : ਈਸ਼ਨਿੰਦਾ ਦੇ ਦੋਸ਼ ’ਚ ਪਾਕਿਸਤਾਨ ਵਿਚ ਭੀੜ ਵਲੋਂ ਕੁੱਟ-ਕੁੱਟ ਕੇ ਮਾਰ ਦਿਤੇ ਗਏ ਸ਼੍ਰੀਲੰਕਾਈ ਨਾਗਰਿਕ ਪ੍ਰਿਅੰਤਾ ਕੁਮਾਰਾ ਦਿਆਵਦਾਨਾ ਦੀ ਮ੍ਰਿਤਕ ਦੇਹ ਜਹਾਜ਼ ਰਾਹੀਂ ਕੋਲੰਬੋ ਭੇਜ ਦਿਤੀ ਗਈ। ਹਮਲਾ ਕਰਨ ਵਾਲੇ ਲੋਕਾਂ ਨੇ ਇਕ ਵਿਅਕਤੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਅੱਗ ਲਾ ਦਿਤੀ ਸੀ। ਲੱਕੜੀ ਦੇ ਜਿਸ ਤਾਬੂਤ ਵਿਚ ਮ੍ਰਿਤਕ ਦੇਹ ਰੱਖੀ ਗਈ ਸੀ, ਉਸ ਉਤੇ ਲਿਖਿਆ ਸੀ, ‘ਮਰਹੂਮ ਨੰਦਸ਼੍ਰੀ ਪੀ. ਕੁਮਾਰਾ ਦਿਆਵਦਾਨਾ ਦੇ ਮਨੁੱਖੀ ਅਵਸ਼ੇਸ਼। ਲਾਹੌਰ ਤੋਂ ਕੋਲੰਬੋ ਤਕ।’
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇਕ ਬੇਰਹਿਮ ਘਟਨਾ ’ਚ ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲੱਬੈਕ ਪਾਕਿਸਤਾਨ (ਟੀ. ਐੱਲ.ਪੀ.) ਦੇ ਗੁੱਸੇ ’ਚ ਆਏ ਸਮਰਥਕਾਂ ਨੇ 800 ਤੋਂ ਵੱਧ ਲੋਕਾਂ ਭੀੜ ਨਾਲ ਇਕ ਕੱਪੜਾ ਫ਼ੈਕਟਰੀ ’ਤੇ ਹਮਲਾ ਕੀਤਾ ਅਤੇ ਈਸ਼ਨਿੰਦਾ ਦੇ ਦੋਸ਼ਾਂ ’ਚ ਉਸ ਦੇ ਜਨਰਲ ਮੈਨੇਜਰ ਦਿਆਵਦਾਨਾ ਨੂੰ ਕੁੱਟ-ਕੁੱਟ ਕੇ ਮਾਰ ਦਿਤਾ ਤੇ ਲਾਸ਼ ਨੂੰ ਅੱਗ ਲਗਾ ਦਿਤੀ ਸੀ।
ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਪੀ.ਟੀ.ਆਈ. ਨੂੰ ਦਸਿਆ, ‘‘ਸ਼੍ਰੀਲੰਕਾ ਹਾਈ ਕਮਿਸ਼ਨ ਦੇ ਅਧਿਕਾਰੀ ਸੋਮਵਾਰ ਸਵੇਰੇ ਇਥੇ ਪਹੁੰਚੇ ਅਤੇ ਪੰਜਾਬ ਦੇ ਘੱਟਗਿਣਤੀ ਮੰਤਰੀ ਏਜਾਜ਼ ਆਲਮ ਨੇ ਲਾਹੌਰ ਹਵਾਈ ਅੱਡੇ ’ਤੇ ਮ੍ਰਿਤਕ ਦੇਹ ਉਨ੍ਹਾਂ ਨੂੰ ਸੌਂਪ ਦਿਤੀ। ਮ੍ਰਿਤਕ ਦੇਹ ਨੂੰ ਸ਼੍ਰੀਲੰਕਾਈ ਏਅਰਲਾਈਨਜ਼ ਦੇ ਜਹਾਜ਼ ’ਚ ਲਿਜਾਇਆ ਗਿਆ।’’ ਉਨ੍ਹਾਂ ਕਿਹਾ ਕਿ ਜਹਾਜ਼ ਦੁਪਹਿਰ ਬਾਅਦ ਕੋਲੰਬੋ ਲਈ ਰਵਾਨਾ ਹੋਇਆ। (ਏਜੰਸੀ)