
ਮਿਆਂਮਾਰ ਦੀ ਅਦਾਲਤ ਨੇ ਸੂ ਕੀ ਨੂੰ ਸੁਣਾਈ ਚਾਰ ਸਾਲ ਦੀ ਕੈਦ ਦੀ ਸਜ਼ਾ
ਬੈਂਕਾਕ, 6 ਦਸੰਬਰ : ਮਿਆਂਮਾਰ ਦੀ ਰਾਜਧਾਨੀ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਬੇਦਖ਼ਲ ਨੇਤਾ ਆਂਗ ਸਾਨ ਸੂ ਕੀ ਨੂੰ ਲੋਕਾਂ ਨੂੰ ਭੜਕਾਉਣ ਅਤੇ ਕੋਰੋਨਾ ਵਾਇਰਸ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਉਂਦੇ ਹੋਏ ਚਾਰ ਸਾਲ ਦੀ ਸਜ਼ਾ ਸੁਣਾਈ | ਇਕ ਕਾਨੂੰਨੀ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ | ਇਹ ਸਜ਼ਾ ਦੇਸ਼ ਦੀ ਸੱਤਾ 'ਤੇ ਫ਼ੌਜ ਦੇ 1 ਫ਼ਰਵਰੀ ਨੂੰ ਕਾਬਜ਼ ਹੋਣ ਤੋਂ ਬਾਅਦ, 76 ਸਾਲਾ ਨੋਬੇਲ ਪੁਰਸਕਾਰ ਜੇਤੂ 'ਤੇ ਚਲਾਏ ਜਾ ਰਹੇ ਕਈ ਮੁਕੱਦਮਿਆਂ ਵਿਚੋਂ ਪਹਿਲੇ ਮਾਮਲੇ ਵਿਚ ਸੁਣਾਈ ਗਈ ਹੈ |
ਫ਼ੌਜੀ ਤਖ਼ਤਾਪਲਟ ਨੇ ਸੂ ਕੀ ਦੀ ਨੈਸ਼ਨਲ ਲੀਗ ਫ਼ਾਰ ਡੈਮੋਕਰੇਸੀ ਪਾਰਟੀ ਦੀ ਸਰਕਾਰ ਨੂੰ ਅਪਣਾ ਦੂਜਾ ਪੰਜ ਸਾਲਾ ਕਾਰਜਕਾਲ ਸ਼ੁਰੂ ਕਰਨ ਤੋਂ ਰੋਕ ਦਿਤਾ ਸੀ | ਉਸ ਵਿਰੁਧ ਇਕ ਹੋਰ ਮਾਮਲੇ 'ਚ ਫ਼ੈਸਲਾ ਅਗਲੇ ਹਫ਼ਤੇ ਆਉਣ ਦੀ ਉਮੀਦ ਹੈ | ਜੇਕਰ ਸੂ ਕੀ ਸਾਰੇ ਮਾਮਲਿਆਂ 'ਚ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ 100 ਸਾਲ ਤੋਂ ਵੱਧ ਦੀ ਸਜ਼ਾ ਹੋ ਸਕਦੀ ਹੈ | ਕਾਨੂੰਨੀ ਅਧਿਕਾਰੀ ਨੇ ਕਿਹਾ ਕਿ ਅਦਾਲਤ ਨੇ ਸੋਮਵਾਰ ਨੂੰ ਇਹ ਸਪੱਸ਼ਟ ਨਹੀਂ ਕੀਤਾ ਕਿ ਸੂ ਕੀ ਨੂੰ ਜੇਲ 'ਚ ਰਖਿਆ ਜਾਵੇਗਾ ਜਾਂ ਨਜ਼ਰਬੰਦ ਰਖਿਆ ਜਾਵੇਗਾ | ਲੋਕਤੰਤਰ ਲਈ ਅਪਣੇ ਲੰਮੇ ਸੰਘਰਸ਼ ਵਿਚ ਉਸ ਨੇ 1989 ਤੋਂ ਸ਼ੁਰੂ ਕਰਦੇ ਹੋਏ, 15 ਸਾਲ ਘਰ ਵਿਚ ਨਜ਼ਰਬੰਦੀ ਵਿਚ ਬਿਤਾਏ ਹਨ | (ਏਜੰਸੀ)