
ਕਿਹਾ ਕਿ ਇੱਕ ਪਾਸੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕਹਿ ਰਹੇ ਹਨ ਕਿ ਜਦੋਂ ਗੱਡੀ ਖਰੀਦਣ ਵੇਲੇ ਰੋਡ ਟੈਕਸ ਲਿਆ ਜਾਂਦਾ ਹੈ
Ladowal Toll Plaza News: ਲਾਡੋਵਾਲ ਟੋਲ ਪਲਾਜ਼ਾ ਦੇ ਬੇਤਹਾਸ਼ਾ ਵਧੇ ਰੇਟਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪਿਆ ਹੈ | ਸਥਾਨਕ ਲੋਕਾਂ ਅਤੇ 20 ਕਿਲੋਮੀਟਰ ਦੇ ਦਾਇਰੇ ਵਿਚ ਰਹਿਣ ਵਾਲੇ ਲੋਕਾਂ ਦੀਆਂ ਸਾਰੀਆਂ ਸਹੂਲਤਾਂ ਵੀ ਖ਼ਤਮ ਕਰ ਦਿੱਤੀਆਂ ਗਈਆਂ ਹਨ। ਸਥਾਨਕ ਲੋਕਾਂ ਲਈ ਮਹੀਨਾਵਾਰ ਪਾਸ ਦਾ ਰੇਟ ਵੀ ਢਾਈ ਗੁਣਾ ਵਧਾ ਦਿਤਾ ਗਿਆ ਹੈ। ਟੈਕਸੀ ਡਰਾਈਵਰਾਂ ਲਈ ਪਰਮਿਟ ਦੀ ਸਹੂਲਤ ਹੁਣ ਪੂਰੀ ਤਰਾਂ ਖ਼ਤਮ ਕਰ ਦਿੱਤੀ ਗਈ ਹੈ। ਨਵੀਆਂ ਲਾਗੂ ਹੋਈਆਂ ਦਰਾਂ ਤੋਂ ਬਾਅਦ, ਲਾਡੋਵਾਲ ਟੋਲ ਪਲਾਜ਼ਾ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਿਆਂ 'ਚੋਂ ਪਹਿਲੇ ਨੰਬਰ 'ਤੇ ਆਇਆ ਹੈ।
ਇਹ ਟੋਲ ਪਲਾਜਾ ਹਾਈਵੇਅ ਅਥਾਰਟੀ ਆਫ਼ ਇੰਡੀਆ ਅਧੀਨ ਆਉਂਦਾ ਹੈ, ਜਿਸ ਦੀ ਅਗਵਾਈ ਭਾਰਤ ਸਰਕਾਰ ਦੇ ਮੰਤਰੀ ਨਿਤਿਨ ਗਡਕਰੀ ਕਰ ਰਹੇ ਹਨ। ਪਿਛਲੇ 18 ਸਾਲਾਂ 'ਚ ਇਸ ਦੇ ਰੇਟ ਸਾਲ 'ਚ ਇੱਕ ਵਾਰ ਮਾਰਚ ਦੇ ਮਹੀਨੇ 1 ਰੁਪਏ ਤੋਂ ਲੇਕੇ 5 ਰੁਪਏ ਤਕ ਵਧਾਏ ਜਾਂਦੇ ਸਨ, ਪਰ ਇਸ ਪਲਾਜ਼ੇ ਦਾ ਠੇਕਾ ਪਿਛਲੇ 7 ਮਹੀਨਿਆਂ ਤੋਂ ਸਹਿਕਾਰ ਕੰਪਨੀ ਸੋਮਾ ਆਈਸੋਲਕਸ ਕੰਪਨੀ ਕੋਲ ਨੂੰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਾਰੇ ਨਿਯਮਾਂ ਨੂੰਅਣਦੇਖਾ ਕਰਕੇ ਪਿਛਲੇ 4 ਮਹੀਨਿਆਂ 'ਚ 2 ਵਾਰ ਪਲਾਜ਼ਾ ਦੇ ਰੇਟ ਵਧਾ ਦਿੱਤੇ ਗਏ ਹਨ। ਇੰਨਾ ਹੀ ਨਹੀਂ ਪਿਛਲੇ ਹਫ਼ਤੇ ਦੂਸਰੀ ਵਾਰ ਜੋ ਰੇਟ ਵਧਾਏ ਗਏ ਸਨ, ਉਨ੍ਹਾਂ 'ਚ ਰਿਕਾਰਡ ਤੋੜ ਰਕਮ ਵਧਾ ਦਿੱਤੀ ਗਈ ਹੈ,ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ 'ਤੇ ਪਿਆ।
ਨਿਯਮਾਂ ਅਨੁਸਾਰ ਜਿੱਥੇ ਵੀ ਟੋਲ ਪਲਾਜ਼ਾ ਲਗਾਇਆ ਜਾਂਦਾ ਹੈ, ਉੱਥੇ 20 ਕਿਲੋਮੀਟਰ ਦੇ ਦਾਇਰੇ ਵਿਚ ਰਹਿਣ ਵਾਲੇ ਅਤੇ ਕੰਮ ਕਰਨ ਵਾਲੇ ਲੋਕਾਂ ਨੂੰ ਕੁਝ ਰੁਪਏ ਵਿਚ ਪਾਸ ਬਣਾ ਕੇ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਹ ਸਾਰੀਆਂ ਸੁਵਿਧਾਵਾਂ ਲਾਡੋਵਾਲ ਟੋਲ ਪਲਾਜ਼ਾ 'ਤੇ ਵੀ ਮੁਹੱਈਆ ਕਰਵਾਈਆਂ ਗਈਆਂ ਸਨ। ਹੁਣ ਨਵੀਆਂ ਦਰਾਂ ਅਨੁਸਾਰ ਲੋਕਲ ਗੱਡੀਆਂ ਲਈ ਪਾਸ ਦਾ ਰੇਟ ਜੋ ਕਿ 150 ਰੁਪਏ ਤੋਂ ਵਧਾ ਕੇ 330 ਰੁਪਏ ਕਰ ਦਿੱਤਾ ਗਿਆ ਹੈ। ਪਹਿਲਾਂ ਸਥਾਨਕ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਅਤੇ ਫੈਕਟਰੀਆਂ ਵਿਚ ਵਪਾਰਕ ਛੋਟੇ ਵਾਹਨ ਹਨ, ਉਨ੍ਹਾਂ ਨੂੰ 150 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪਾਸ ਮਿਲਦੇ ਸਨ, ਹੁਣ ਉਨ੍ਹਾਂ ਦੇ ਰੇਟ ਵੀ 150 ਰੁਪਏ ਤੋਂ ਵਧਾ ਕੇ 7130 ਰੁਪਏ ਕਰ ਦਿੱਤੇ ਗਏ ਹਨ। ਮਿੰਨੀ ਬੱਸ ਅਤੇ ਟਰੱਕ ਪਾਸਾਂ ਦਾ ਰੇਟ ਵਧਾ ਕੇ 11500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ।
ਦੂਸਰਾ ਇਹ ਪਾਸ ਪੂਰੇ ਮਹੀਨੇ ਲਈ ਵੈਧ ਨਹੀਂ ਰਹੇਗਾ ਜੇਕਰ ਇਸ ਤੋਂ ਪਹਿਲਾਂ ਵਾਹਨ ਪਲਾਜ਼ਾ ਦੇ 50 ਗੇੜੇ ਲਗਾਉਂਦੇ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਪਾਸ ਬਣਵਾਉਣਾ ਪਵੇਗਾ। ਇਸ ਤੋਂ ਇਲਾਵਾ ਜਿਹੜੇ ਟੈਕਸੀ ਡਰਾਈਵਰ ਸਥਾਨਕ ਵਸਨੀਕ ਹਨ, ਉਹ ਪਰਮਿਟ ਨਹੀਂ ਲੈ ਸਕਣਗੇ। ਵਪਾਰੀਆ ਨੇ ਦਸਿਆ ਕਿ ਉਨਾਂ੍ਹ ਦੀਆਂ ਫੈਕਟਰੀਆਂ ਵਿਚ ਛੋਟੇ ਹਾਥੀ ਅਤੇ ਜੰਗਲਾਤ ਲਿਜਾਣ ਵਾਲੀਆਂ ਜੀਪਾਂ ਹਨ, ਜਿਨ੍ਹਾਂ ਨੂੰ ਬੈਂਕਾਂ ਤੋਂ ਵਿੱਤੀ ਸਹਾਇਤਾ ਦਿੱਤੀ ਗਈ ਹੈ, ਜਿਸ ਦੀ ਕਿਸ਼ਤ 5,000 ਰੁਪਏ ਪ੍ਰਤੀ ਮਹੀਨਾ ਹੈ, ਉਨ੍ਹਾਂ ਨੂੰ ਟੋਲ ਪਲਾਜਾ ਤੋਂ ਲੰਘਣ ਲਈ 50 ਗੇੜਿਆਂ ਦੇ 7130 ਰੁਪਏ ਕਰ ਦਿਤੇ ਗਏ ਹਨ। ਵਪਾਰੀਆ ਨੇ ਦੱਸਿਆ ਕਿ ਲੁਧਿਆਣਾ ਦੇ ਜੇ ਉਨਵਾਂ ਦੇ 4-5 ਗੇੜੇ ਰੋਜਾਨਾਂ ਦੇ ਲਗਦੇ ਹਨ ਤਾਂ ਉਹ ਬੈਂਕ ਦੀਆ ਕਿਸ਼ਤਾਂ ਭਰਨ ਜਾਂ ਟੋਲ ਪਲਾਜ਼ਿਆਂ ਦੇ ਪੈਸੇ ਦੇਣ?
ਵਪਾਰੀਆਂ ਨੇ ਕਿਹਾ ਕਿ ਇੱਕ ਪਾਸੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕਹਿ ਰਹੇ ਹਨ ਕਿ ਜਦੋਂ ਗੱਡੀ ਖਰੀਦਣ ਵੇਲੇ ਰੋਡ ਟੈਕਸ ਲਿਆ ਜਾਂਦਾ ਹੈ ਤਾਂ ਫਿਰ ਟੋਲ ਪਲਾਜ਼ਾ ਲਗਾਉਣ ਦੀ ਕੀ ਲੋੜ ਹੈ, ਜਦਕਿ ਦੂਜੇ ਪਾਸੇ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਅਸਮਾਨੀ ਛੂਹ ਰਹੇ ਹਨ। ਨਵੇਂ ਨਿਯਮਾਂ ਮੁਤਾਬਕ ਜੇਕਰ ਤੁਹਾਡੀ ਗੱਡੀ 'ਤੇ ਲੱਗਾ ਟੈਗ ਖ਼ਰਾਬ ਹੋ ਜਾਂਦਾ ਹੈ ਜਾਂ ਉਸ 'ਚ ਪਏ ਪੈਸੇ ਖ਼ਤਮ ਹੋ ਜਾਂਦੇ ਹਨ ਤਾਂ ਤੁਹਾਨੂੰ ਪਰਚੀ ਲੈ ਕੇ ਪਲਾਜ਼ਾ 'ਚੋਂ ਲੰਘਣ 'ਤੇ 430 ਰੁਪਏ ਇਕ ਪਾਸੇ ਦੇ ਦੇਣੇ ਪੈਣਗੇ। ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ ਸੂਬੇ ਦੇ ਸਾਰੇ ਟੋਲ ਪਲਾਜ਼ਿਆਂ ਦੇ ਬਾਹਰ ਟੈਂਟ ਲਗਾ ਕੇ ਉਨ੍ਹਾਂ ਨੂੰ ਬੰਦ ਕਰਾ ਦਿੱਤਾ ਸੀ।
ਅੰਦੋਲਨ ਦੀ ਸਮਾਪਤੀ ਤੋਂ ਬਾਅਦ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਇਸ ਸ਼ਰਤ 'ਤੇ ਖੋਲ੍ਹ ਦਿੱਤਾ ਗਿਆ ਸੀ ਕਿ ਕਿਸਾਨਾਂ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ, ਜਦਕਿ ਹੁਣ ਆਮ ਲੋਕ ਵੀ ਇਸ ਦਾ ਫ਼ਾਇਦਾ ਉਠਾ ਰਹੇ ਹਨ ਅਤੇ ਕੁਝ ਲੋਕ ਖੇਤੀ ਦੇ ਨਾਂ 'ਤੇ ਕਿਸਾਨ ਕਾਰਡ ਬਣਾਉਣ ਦੇ ਨਾਂਅ 'ਤੇ ਮੋਟੀ ਕਮਾਈ ਵੀ ਕਰ ਰਹੇ ਹਨ। ਕਿਸਾਨ ਕਾਰਡ ਬਣਾਉਣ ਲਈ 500 ਤੋਂ 1000 ਰੁਪਏ ਲਏ ਜਾ ਰਹੇ ਹਨ ਤੇ ਉਹ ਲੋਕ ਵੀ ਕਿਸਾਨ ਕਾਰਡ ਬਣਵਾ ਰਹੇ ਹਨ, ਜਿਨ੍ਹਾਂ ਦਾ ਖੇਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਟੋਲ ਪਲਾਜ਼ਾ ਦੇ ਵਧੇ ਰੇਟਾਂ ਦੇ ਖ਼ਿਲਾਫ਼ ਜਨਤਾ ਆਪਣੀ ਆਵਾਜ਼ ਬੁਲੰਦ ਕਰਨ ਜਾ ਰਹੀ ਹੈ, ਪਰਮਿਟ ਟੈਕਸੀ ਡਰਾਈਵਰਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪਲਾਜ਼ਾ ਨੇ ਆਪਣੇ ਨਿਯਮ ਨਾ ਬਦਲੇ ਤਾਂ ਉਹ ਪਲਾਜ਼ਾ 'ਤੇ ਧਰਨਾ ਦੇਣਗੇ। ਦੂਜੇ ਪਾਸੇ ਹੁਸ਼ਿਆਰਪੁਰ ਤੋਂ 'ਆਪ' ਦੇ ਕੌਂਸਲਰ ਜਸਪਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਪਲਾਜ਼ਾ ਅਧਿਕਾਰੀਆਂ ਨੂੰ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਨੇ ਭਾਅ ਨਾ ਘਟਾਏ ਤਾਂ 17 ਜਨਵਰੀ ਨੂੰ ਉਹ ਵੀ ਸਾਥੀਆਂ ਸਮੇਤ ਹੜਤਾਲ 'ਤੇ ਬੈਠਣਗੇ।
(For more news apart from Toll Plaza charges getting more expensive, stay tuned to Rozana Spokesman)