
Punjab News: 4 ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਹੋਈ ਸੀ ਦੋਸਤੀ
Punjab News: ਫੁੱਲਾਂ ਵਾਲੀ ਗੱਡੀ ਅਤੇ ਸਿਰ ’ਤੇ ਸਿਹਰਾ ਸਜਾ ਕੇ ਇੱਕ ਨੌਜਾਵਨ ਥਾਣੇ ਪਹੁੰਚਿਆ ਅਤੇ ਜਿਸ ਕੁੜੀ ਦੇ ਨਾਲ ਵਿਆਹ ਕਰਵਾਉਣਾ ਸੀ ਉਸਦੇ ਖਿਲਾਫ਼ ਹੀ ਪੁਲਿਸ ਕੋਲ ਸ਼ਿਕਾਇਤ ਦਿੱਤੀ, ਕਿਉਂਕਿ ਕੁੜੀ ਤੇ ਉਸਦੇ ਪਰਿਵਾਰ ਵਾਲੇ ਮੁੰਡੇ ਨੂੰ ਵਿਆਹ ਦਾ ਝਾਂਸਾ ਦੇ ਕੇ ਗਾਇਬ ਹੋ ਗਏ।
150 ਲੋਕਾਂ ਦੀ ਬਰਾਤ ਲੈ ਕੇ ਇਹ ਨੌਜਾਵਨ ਸਿੱਧਾ ਥਾਣੇ ਪਹੁੰਚ ਗਿਆ ਕਿਉਂਕਿ ਨਾ ਤਾਂ ਇਸ ਨੌਜਾਵਨ ਨੂੰ ਉਹ ਪੈਲੇਸ ਮਿਲਿਆ ਜਿੱਥੇ ਇਸ ਨੇ ਬਰਾਤ ਲੈ ਕੇ ਜਾਣੀ ਸੀ ਤੇ ਨਾ ਹੀ ਕੁੜੀ ਵਾਲੇ ਜੋ ਇਸ ਨੂੰ ਕਹਿ ਰਹੇ ਸੀ ਕਿ ਉਹ ਅੱਗੇ ਤੋਂ ਰੀਸੀਵ ਕਰਨ ਆਉਣਗੇ।
ਦਰਅਸਲ ਨੌਜਵਾਨ ਦੀ ਇੰਸਟਾਗ੍ਰਾਮ ਉੱਤੇ 4 ਸਾਲ ਪਹਿਲਾਂ ਇੱਕ ਕੁੜੀ ਨਾਲ ਗੱਲਬਾਤ ਹੁੰਦੀ ਸੀ ਅਤੇ ਦੋਵਾਂ ਇੱਕ ਦੂਜੇ ਨੂੰ ਪਸੰਦ ਵੀ ਕਰਦੇ ਸਨ। ਮੁੰਡਾ ਇੱਕ ਮਹੀਨੇ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਅਤੇ ਵਿਆਹ ਪੱਕਾ ਕਰ ਲਿਆ ।
ਹੈਰਾਨੀ ਦੀ ਗੱਲ ਇਹ ਹੈ ਕਿ ਮੁੰਡੇ ਦਾ ਪਰਿਵਾਰ ਕਦੇ ਕੁੜੀ ਨੂੰ ਮਿਲਿਆ ਹੀ ਨਹੀਂ, ਅਤੇ ਜਦੋਂ ਮੁੰਡੇ ਦਾ ਪਰਿਵਾਰ ਬਰਾਤ ਲੈ ਕੇ ਮੋਗਾ ਪਹੁੰਚਿਆ ਤਾਂ ਉਨ੍ਹਾਂ ਨੂੰ ਪੈਲੇਸ ਹੀ ਨਹੀਂ ਮਿਲਿਆ। ਜਦੋਂ ਕੁੜੀ ਦੇ ਨਾਲ ਫੋਨ ਉੱਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਲੈਣ ਆ ਰਹੇ ਹਨ ਪਰ ਕੋਈ ਨਹੀਂ ਆਇਆ ਤੇ ਮੁੰਡੇ ਵਾਲੇ ਸ਼ਾਮ ਤੱਕ ਇੰਤਜ਼ਾਰ ਕਰਦੇ ਰਹੇ ਅਤੇ ਕੁੜੀ ਵਾਲਿਆਂ ਨੇ ਫੋਨ ਹੀ ਬੰਦ ਕਰ ਲਿਆ।
ਜਦੋਂ ਸਥਾਨਕ ਲੋਕਾਂ ਤੋਂ ਪੁੱਛਿਆ ਕਿ ਇੱਥੇ ਰੋਜ਼ ਗਾਰਡਨ ਪੈਲੇਸ ਕਿੱਥੇ ਹੈ ਤਾਂ ਲੋਕਾਂ ਦਾ ਕਹਿਣਾ ਸੀ ਕਿ ਇੱਥੇ ਅਜਿਹਾ ਕੋਈ ਪੈਲੇਸ ਹੀ ਨਹੀਂ, ਜਿਸ ਤੋਂ ਬਾਅਦ ਮੁੰਡਾ, ਬਾਰਾਤੀ ਅਤੇ ਪਰਿਵਾਰਿਕ ਮੈਂਬਰ ਹੈਰਾਨ ਰਹਿ ਗਏ ਅਤੇ ਥਾਣੇ ਪਹੁੰਚੇ ਅਤੇ ਹੁਣ ਮੁੰਡਾ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਉਕਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਸਰਦਾਰਾ ਸਿੰਘ ਨੇ ਦੱਸਿਆ ਕਿ ਲਾੜੇ ਦੀਪਕ ਨੇ ਸਾਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਪਿੰਡ ਮੜਿਆਲਾ ਜ਼ਿਲਾ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਦੁਬਈ ਤੋਂ ਵਿਆਹ ਕਰਵਾਉਣ ਆਇਆ ਸੀ, ਜਿਸ ਦੀ ਜਗਤਾਰ ਸਿੰਘ ਪੁੱਤਰੀ ਮਨਪ੍ਰੀਤ ਕੌਰ ਨਾਲ ਸੋਸ਼ਲ ਮੀਡੀਆ 'ਤੇ ਗੱਲਬਾਤ ਹੋਈ ਸੀ ਅਤੇ ਅੱਜ ਜਿਸ ਲੜਕੀ ਨੂੰ ਮੋਗਾ ਵਿਖੇ ਵਿਆਹ ਲਈ ਫੋਨ ਕੀਤਾ ਸੀ, ਉਸ ਨੇ ਆਪਣਾ ਮੋਬਾਇਲ ਬੰਦ ਕਰ ਦਿੱਤਾ ਅਤੇ ਲੜਕੀ ਨੇ ਧੋਖਾਦੇਹੀ ਕਰਨ ਵਾਲੇ ਦੀਪਕ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।