ਇੰਡੀਗੋ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਦੇਸ਼ ਵਿੱਚ ਚੱਲ ਰਹੇ ਇੰਡੀਗੋ ਸੰਕਟ ਦੇ ਮੱਦੇਨਜ਼ਰ, ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਯਾਤਰੀਆਂ ਦੀ ਸਹੂਲਤ ਲਈ 24X7 ਕੰਟਰੋਲ ਰੂਮ ਸਥਾਪਤ ਕਰਕੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਲਈ ਕਦਮ ਚੁੱਕੇ ਹਨ।
ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਸਕੱਤਰ ਸ੍ਰੀਮਤੀ ਸੋਨਾਲੀ ਗਿਰਿ ਨੇ ਮੁੱਖ ਮੰਤਰੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਣ ਦੇਣ ਦੀ ਵਚਨਬੱਧਤਾ ਤਹਿਤ, ਸਥਿਤੀ ਨੂੰ ਸੁਚਾਰੂ ਬਣਾਉਣ ਲਈ ਹਵਾਈ ਅੱਡਾ ਅਧਿਕਾਰੀਆਂ, ਸੀ ਆਈ ਐਸ ਐਫ ਅਤੇ ਏਅਰਲਾਈਨ ਕੰਪਨੀਆਂ ਨਾਲ ਵਿਸਥਾਰਤ ਗੱਲਬਾਤ ਕੀਤੀ।
ਸਕੱਤਰ, ਸ਼ਹਿਰੀ ਹਵਾਬਾਜ਼ੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ, ਇੰਡੀਗੋ ਫਲਾਈਟ ਚ ਦੇਰੀ/ਰੱਦ ਹੋਣ ਤੋਂ ਪ੍ਰਭਾਵਿਤ ਯਾਤਰੀਆਂ ਦੀ ਸਹੂਲਤ ਲਈ ਕੰਟਰੋਲ ਰੂਮ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਫੰਡ ਅਤੇ ਰੀਸ਼ਡਿਊਲਿੰਗ, ਸਮਾਨ ਦੀ ਡਿਲੀਵਰੀ ਅਤੇ ਫਲਾਈਟ ਅਪਡੇਟਸ ਨਾਲ ਸਬੰਧਤ ਅਸਲ-ਸਮੇਂ ਦੀ ਜਾਣਕਾਰੀ ਅਤੇ ਸਹਾਇਤਾ ਲਈ, ਡਿਊਟੀ ਟਰਮੀਨਲ ਮੈਨੇਜਰ ਦੇ ਦਫ਼ਤਰ ਵਿਖੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਸ਼੍ਰੀਮਤੀ ਸੋਨਾਲੀ ਗਿਰਿ ਨੇ ਕਿਹਾ ਕਿ ਟੀਮਾਂ ਸਮੇਂ ਸਿਰ ਸਹਾਇਤਾ ਅਤੇ ਅਪਡੇਟਸ ਨੂੰ ਯਕੀਨੀ ਬਣਾਉਣ ਲਈ ਫਲਾਈਟ ਓਪਰੇਸ਼ਨ, ਦੇਰੀ, ਰੱਦ ਕਰਨ ਅਤੇ ਸਮਾਨ ਦੇ ਮੁੱਦਿਆਂ ਦੀ ਨਿਰੰਤਰ ਨਿਗਰਾਨੀ ਕਰ ਰਹੀਆਂ ਹਨ।
ਸਕੱਤਰ, ਸ਼ਹਿਰੀ ਹਵਾਬਾਜ਼ੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਯਾਤਰੀ ਹੈਲਪਲਾਈਨ ਨੰਬਰ 95010-15832 'ਤੇ ਸੰਪਰਕ ਕਰ ਸਕਦੇ ਹਨ ਅਤੇ ਲੋਕ ਏਅਰਪੋਰਟ ਅਥਾਰਟੀ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ 'ਤੇ ਖਾਸ ਕਰਕੇ @ixcairport 'ਤੇ ਵੀ ਆਪਣੇ ਸਵਾਲਾਂ ਦਾ ਜੁਆਬ ਲੈ ਸਕਦੇ ਹਨ। ਇਸੇ ਤਰ੍ਹਾਂ, ਉਨ੍ਹਾਂ ਕਿਹਾ ਕਿ ਯਾਤਰੀ ਆਪਣੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਇੰਡੀਗੋ ਏਅਰਲਾਈਨਜ਼ ਦੇ 92899-38532, ਏਅਰ ਇੰਡੀਆ ਦੇ 88001-97833 / 0172-2242201, ਏਅਰ ਇੰਡੀਆ ਐਕਸਪ੍ਰੈਸ ਦੇ 92055-08549, ਅਲਾਇੰਸ ਏਅਰ ਦੇ 98184-28648, ਹੈਲਪਲਾਈਨ ਨੰਬਰਾਂ 'ਤੇ ਵੀ ਕਾਲ ਕਰ ਸਕਦੇ ਹਨ। ਸ਼੍ਰੀਮਤੀ ਸੋਨਾਲੀ ਗਿਰਿ ਨੇ ਕਿਹਾ ਕਿ ਇੰਡੀਗੋ ਦੀਆਂ ਉਡਾਣਾਂ ਵਿੱਚ ਵਿਘਨ ਦੇ ਵਿਚਕਾਰ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣਾ ਇੱਕੋ ਇੱਕ ਉਦੇਸ਼ ਹੈ।
ਸਕੱਤਰ, ਸ਼ਹਿਰੀ ਹਵਾਬਾਜ਼ੀ ਨੇ ਸਮੇਂ ਸਿਰ ਰਿਫੰਡ, ਰੀਸ਼ਡਿਊਲਿੰਗ, ਸਮਾਨ ਡਿਲੀਵਰੀ ਅਤੇ ਕੇਂਦਰੀ ਸਿਵਲ ਏਵੀਏਸ਼ਨ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੇ ਨਾਲ-ਨਾਲ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇੰਡੀਗੋ ਏਅਰਲਾਈਨਜ਼ ਕੋਲ ਵੱਖ-ਵੱਖ ਯਾਤਰੀਆਂ ਦੇ ਲਗਭਗ 30 ਬੈਗ/ਲੱਗੇਜ ਹਨ, ਜੋ ਏਅਰਲਾਈਨ ਦੁਆਰਾ ਯਾਤਰੀਆਂ ਨੂੰ ਉਨ੍ਹਾਂ ਦੇ ਸਬੰਧਤ ਨਿਵਾਸ ਸਥਾਨਾਂ 'ਤੇ ਬਿਨਾਂ ਕਿਸੇ ਚਾਰਜ ਤੋਂ ਭੇਜੇ ਜਾਣਗੇ। ਸ਼੍ਰੀਮਤੀ ਸੋਨਾਲੀ ਗਿਰਿ ਨੇ ਕਿਹਾ ਕਿ ਏਅਰਲਾਈਨ ਇਹ ਵੀ ਯਕੀਨੀ ਬਣਾਏਗੀ ਕਿ ਉਡਾਣਾਂ ਰੱਦ ਹੋਣ ਦੀ ਸੂਚਨਾ ਯਾਤਰੀਆਂ ਨੂੰ ਉਡਾਣ ਤੋਂ ਘੱਟੋ-ਘੱਟ 10 ਘੰਟੇ ਪਹਿਲਾਂ ਦਿੱਤੀ ਜਾਵੇ।
ਹਵਾਈ ਟਿਕਟਾਂ ਦੀ ਕੀਮਤ ਦੀ ਤੈਅ ਸੀਮਾ ਨਿਰਧਾਰਤ ਕਰਨ ਸੰਬੰਧੀ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਮੁੱਦੇ 'ਤੇ ਵਿਚਾਰ ਕਰਦੇ ਹੋਏ, ਸਕੱਤਰ ਨੇ ਕਿਹਾ ਕਿ ਇਸਨੂੰ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ, ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਟੈਕਸੀ ਆਪਰੇਟਰਾਂ ਅਤੇ ਹੋਟਲਾਂ ਵੱਲੋਂ ਯਾਤਰੀਆਂ ਤੋਂ ਕਿਸੇ ਵੀ ਤਰ੍ਹਾਂ ਦੀ ਮੁਨਾਫ਼ਾਖੋਰੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸੂਬਾ ਸਰਕਾਰ ਇਸ 'ਤੇ ਸਖ਼ਤ ਨਜ਼ਰ ਰੱਖ ਰਹੀ ਹੈ। ਸ੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਹਵਾਈ ਅੱਡਾ ਅਥਾਰਟੀ ਅਤੇ ਸੂਬਾ ਸਰਕਾਰ ਵੱਲੋਂ ਯਾਤਰੀਆਂ ਦੀਆਂ ਦਵਾਈਆਂ, ਭੋਜਨ ਅਤੇ ਹੋਰ ਚਿੰਤਾਵਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਸਕੱਤਰ ਨੇ ਅੱਗੇ ਕਿਹਾ ਕਿ ਹਵਾਈ ਅੱਡੇ ਦੇ ਨੇੜੇ ਸਥਿਤ ਟੂ-ਟੀਅਰ, ਥ੍ਰੀ-ਟੀਅਰ ਅਤੇ ਹੋਰ ਹੋਟਲਾਂ ਦੀਆਂ ਸੂਚੀਆਂ ਵੀ ਸੂਬਾ ਸਰਕਾਰ ਵੱਲੋਂ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਬਾਹਰੀ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਥਿਤੀ ਜਲਦੀ ਹੀ ਆਮ ਵਾਂਗ ਹੋ ਜਾਵੇਗੀ ਕਿਉਂਕਿ ਸਰਕਾਰ ਨੇ ਇਸ ਸਬੰਧੀ ਪਹਿਲਾਂ ਹੀ ਸਖ਼ਤ ਕਦਮ ਚੁੱਕੇ ਹਨ। ਸ਼੍ਰੀਮਤੀ ਸੋਨਾਲੀ ਗਿਰਿ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਵੀ ਕੀਤੀ ਅਤੇ ਵਿਸ਼ਵਾਸ ਦਿਵਾਇਆ ਕਿ ਰਾਜ ਸਰਕਾਰ ਵੱਲੋਂ ਉਨ੍ਹਾਂ ਦੇ ਹਿੱਤਾਂ ਦੀ ਹਰ ਤਰੀਕੇ ਨਾਲ ਰਾਖੀ ਲਈ, ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ।
