
ਕੈਪਟਨ ਅਮਰਿੰਦਰ ਸਿੰਘ ਨੇ ਸਾਧਿਆ ਅਕਾਲੀ ਦਲ 'ਤੇ ਨਿਸ਼ਾਨਾ
ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਉਪਰੋ-ਥੱਲੀ ਲਏ ਗਏ ਦਲੇਰਾਨਾ ਫ਼ੈਸਲਿਆਂ ਨਾਲ ਜਿੱਥੇ ਵਿਰੋਧੀਆਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ, ਉਥੇ ਹੀ ਭਾਜਪਾ ਦੇ ਭਾਈਵਾਲਾਂ ਦੀ ਸਥਿਤੀ ਵੀ ਕੋਈ ਬਹੁਤੀ ਚੰਗੀ ਨਹੀਂ ਰਹੀ। ਖਾਸ ਕਰ ਕੇ ਸਰਕਾਰ 'ਤੇ ਲੱਗ ਰਹੇ ਘੱਟ ਗਿਣਤੀਆਂ ਨਾਲ ਵਿਤਕਰੇ ਦੇ ਦੋਸ਼ਾਂ ਨੇ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦੀਆਂ ਪਾਰਟੀਆਂ ਲਈ ਸਮੱਸਿਆ ਖੜ੍ਹੀ ਕਰ ਦਿਤੀ ਹੈ।
Photo
ਇਸ ਸਥਿਤੀ ਦਾ ਸਭ ਤੋਂ ਜ਼ਿਆਦਾ ਅਸਰ ਸ਼੍ਰੋਮਣੀ ਅਕਾਲੀ ਦਲ 'ਤੇ ਵੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਹੀ ਪਾਰਟੀ ਅੰਦਰੋਂ ਇਸ ਮਸਲੇ ਸਬੰਧੀ ਬਾਗੀ ਸੁਰਾਂ ਉਠਦੀਆਂ ਰਹੀਆਂ ਹਨ। ਹੁਣੇ ਹੁਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਪ੍ਰੀਤ ਸਿੰਘ ਦੇ ਦਾਅਵੇ ਕਿ 'ਸਿੱਖ ਭਾਰਤ ਵਿਚ ਵੀ ਸੁਰੱਖਿਅਤ ਨਹੀਂ ਹਨ' ਨੇ ਅਕਾਲੀ ਦਲ ਦੀਆਂ ਮੁਸ਼ਕਲਾਂ ਹੋਰ ਵਧਾ ਦਿਤੀਆਂ ਹਨ।
Photo
ਨਾਗਰਿਕਤਾ ਕਾਨੂੰਨ ਸੋਧ ਦੇ ਮੁੱਦੇ 'ਤੇ ਵੀ ਪਾਰਟੀ ਦੀ ਦੋਹਰੀ ਨੀਤੀ ਸਾਹਮਣੇ ਆ ਚੁੱਕੀ ਹੈ। ਲੋਕ ਸਭਾ ਅੰਦਰ ਪਾਰਟੀ ਨੇ ਇਸ ਦੀ ਹਮਾਇਤ ਕੀਤੀ ਜਦਕਿ ਜਨਤਕ ਤੌਰ 'ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਸ ਦੀ ਮੁਖਾਲਫ਼ਤ ਕਰਦੇ ਨਜ਼ਰ ਆਏ। ਘੱਟ ਗਿਣਤੀਆਂ ਖਿਲਾਫ਼ ਦੱਸੇ ਜਾਂ ਰਹੇ ਸਰਕਾਰ ਦੇ ਹਰ ਕਦਮ ਲਈ ਸ਼੍ਰੋਮਣੀ ਅਕਾਲੀ ਦਲ ਦੀ ਜਵਾਬਦੇਹੀ ਬਣਦੀ ਵੀ ਹੈ, ਕਿਉਂਕਿ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਕੇਂਦਰ 'ਚ ਕੈਬਨਿਟ ਮੰਤਰੀ ਹਨ।
Photo
ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੇ ਫ਼ੈਸਲੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਔਖੀ ਸਥਿਤੀ ਪੈਦਾ ਕਰ ਦਿਤੀ ਸੀ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖੁਦ ਨੂੰ ਸੰਘੀ ਰਾਜ ਦਾ ਹਮਾਇਤੀ ਦਸਦਾ ਹੈ, ਜਦਕਿ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਸੰਘੀ ਢਾਂਚੇ 'ਤੇ ਹਮਲੇ ਵਜੋਂ ਵੇਖਿਆ ਜਾ ਰਿਹਾ ਹੈ।
Photo
ਜੰਮੂ ਕਸ਼ਮੀਰ ਤੋਂ ਇਲਾਵਾ ਕੇਂਦਰ ਸਰਕਾਰ ਹੋਰ ਕਈ ਸੂਬਿਆਂ ਦੀਆਂ ਸ਼ਕਤੀਆਂ 'ਤੇ ਸਿਕੰਜ਼ਾ ਕੱਸ ਕੇ ਤੇਜ਼ੀ ਨਾਲ ਕੇਂਦਰੀਕਰਨ ਵੱਲ ਵੱਧ ਰਹੀ ਹੈ। ਸਰਕਾਰ ਦੇ ਅਜਿਹੇ ਕਦਮਾਂ ਦਾ ਜਿੱਥੇ ਅਕਾਲੀ ਦਲ ਸਮਰਥਨ ਕਰ ਰਿਹਾ ਹੈ ਉਥੇ ਕਾਂਗਰਸ ਇਸ ਨੂੰ ਘੱਟ ਗਿਣਤੀਆਂ ਵਿਰੁਧ ਕਰਾਰ ਦਿੰਦਿਆਂ ਇਸ ਦੀ ਮੁਖਾਲਫ਼ਤ ਕਰ ਰਹੀ ਹੈ।
Photo
ਸਿਆਸੀ ਵਿਰੋਧੀਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਮੁੱਦਿਆਂ 'ਤੇ ਘੇਰਣ ਦੀ ਤਿਆਰੀ ਖਿੱਚ ਲਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਬਿਆਨ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਿਆ ਹੈ। ਕੈਪਟਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਯਾਰੀ ਨਾਲ ਘੱਟ ਗਿਣਤੀਆਂ ਨੂੰ ਹੋ ਰਹੇ ਨੁਕਸਾਨ ਦਾ ਚੇਤਾ ਕਰਾਉਂਦਿਆਂ ਇਸ ਯਰਾਨੇ ਨੂੰ ਤੋੜਣ 'ਚ ਭੂਮਿਕਾ ਨਿਭਾਉਣ ਦੀ ਅਪੀਲ ਵੀ ਕਰ ਦਿਤੀ ਹੈ।
Photo
ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਵੀ ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਹੱਲਾ ਬੋਲਿਆ ਹੈ। ਕੈਪਟਨ ਦਾ ਕਹਿਣਾ ਹੈ ਕਿ ਅਕਾਲੀ ਦਲ ਨੂੰ ਦੋਹਰਾ ਸਟੈਂਡ ਨਿਭਾਉਣ ਦੀ ਥਾਂ ਦੇਸ਼ ਅੰਦਰ ਘੱਟ ਗਿਣਤੀਆਂ ਵਿਰੁਧ ਹੋ ਰਹੇ ਕਾਰਿਆਂ ਵਿਰੁਧ ਸਪੱਸ਼ਟ ਸਟੈਂਡ ਲੈਣਾ ਚਾਹੀਦਾ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮੁੱਦੇ 'ਤੇ ਅਪਣੀ ਸਥਿਤੀ ਸਪੱਸ਼ਟ ਕਰਨ ਲਈ ਵੀ ਕਿਹਾ ਹੈ।