
ਮੁੱਖ ਮੰਤਰੀ ਸਲੱਮ ਡਵੈਲਰਜ਼ ਪ੍ਰੋਗਰਾਮ ‘ਬਸੇਰਾ’ ਝੌਂਪੜੀਆਂ ਦੇ ਬਾਸ਼ਿੰਦਿਆਂ ਨੂੰ ਮਾਲਕੀ ਦਾ ਹੱਕ ਦੇਵੇਗਾ : ਪਰਨੀਤ ਕੌਰ
ਸਮਾਰਟ ਮੀਟਰ, ਖ਼ਪਤਕਾਰਾਂ ਲਈ ਈ-ਦਾਖ਼ਲ, ਲੋਹੜੀ ਅਤੇ ਖੇਡ ਕਿੱਟਾਂ ਵੰਡ ਦਾ ਸਮਾਗਮ
ਪਟਿਆਲਾ, 7 ਜਨਵਰੀ (ਜਸਪਾਲ ਸਿੰਘ ਢਿੱਲੋਂ, ਤੇਜਿੰਦਰ ਫ਼ਤਿਹਪੁਰ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ‘ਮੁੱਖ ਮੰਤਰੀ ਸਲੱਮ ਡਵੈਲਰਜ਼ ਪ੍ਰੋਗਰਾਮ’ ‘ਬਸੇਰਾ’ ਤਹਿਤ ਝੁੱਗੀਆਂ-ਝੌਂਪੜੀਆਂ ਅਤੇ ਪਛੜੀਆਂ ਬਸਤੀਆਂ ’ਚ ਰਹਿਣ ਵਾਲੇ ਲੋਕਾਂ ਨੂੰ ਮਾਲਕੀ ਹੱਕ ਦੇਣ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ, ਪਟਿਆਲਾ ਦੇ ਲੋਕ ਸਭਾ ਮੈਂਬਰ ਸ਼੍ਰੀਮਤੀ ਪਰਨੀਤ ਕੌਰ ਨੇ ਅੱਜ ਇਥੇ ਆਖਿਆ ਕਿ ਇਸ ਨਾਲ ਇਨ੍ਹਾਂ ਬਸਤੀਆਂ ਦੇ ਲੋਕ ਵੀ ਬੜੇ ਮਾਣ ਅਤੇ ਆਤਮ ਵਿਸ਼ਵਾਸ਼ ਨਾਲ ਭਰੀ ਜਿੰਦਗੀ ਜੀਅ ਸਕਣਗੇ, ਕਿਉਂ ਜੋ ਪਹਿਲਾਂ ਹਮੇਸ਼ਾਂ ਉਨ੍ਹਾਂ ਨੂੰ ਉਜਾੜੇ ਦਾ ਡਰ ਬਣਿਆ ਰਹਿੰਦਾ ਸੀ।
ਪਟਿਆਲਾ ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਹੋਏ ਜ਼ਿਲ੍ਹਾ ਪਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਜਦੋਂ ਪੰਜਾਬ ਭਰ ’ਚ ਸ਼ਹਿਰੀ ਬਸਤੀਆਂ ਦੇ ਗ਼ਰੀਬ ਤੇ ਕਮਜ਼ੋਰ ਲੋਕਾਂ ਨੂੰ ਇਹ ਮਾਲਕੀ ਹੱਲ ਦੇਣ ਦੀ ਸ਼ੁਰੂਆਤ ਹੋਈ ਹੈ, ਉਸ ਵੇਲੇ ਕੁਦਰਤੀ ਅੱਜ ਅਸੀਂ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦੀ 330ਵੀਂ ਜੈਅੰਤੀ ਅਤੇ ਪਟਿਆਲਾ ਰਿਆਸਤ ਦੇ ਆਖਰੀ ਸ਼ਾਸਕ ਮਹਰਾਜਾ ਯਾਦਵਿੰਦਰ ਸਿੰਘ ਦਾ ਜਨਮ ਦਿਵਸ ਵੀ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਦੋਵੇਂ ਸ਼ਖ਼ਸੀਅਤਾਂ ਵੀ ਪੰਜਾਬ ਅਤੇ ਪਟਿਆਲਾ ਰਿਆਸਤ ਦੇ ਇਤਿਹਾਸ ਵਿਚ ਅਪਣੀ ਲੋਕ ਹਿੱਤੂ ਸੋਚ ਪ੍ਰਤੀ ਜਾਣੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਅੱਜ ਸਮੁੱਚੇ ਪੰਜਾਬ ’ਚ ਜਦੋਂ ਗ਼ਰੀਬ ਲੋਕਾਂ ਨੂੰ ਮਾਲਕੀ ਦੇ ਹੱਕ ਦਿਤੇ ਜਾ ਰਹੇ ਸਨ ਤਾਂ ਪਟਿਆਲਾ ਦੇ ਦੀਨ ਦਿਆਲ ਉਪਾਧਿਆਏ ਨਗਰ, ਰੰਗੇ ਸ਼ਾਹ ਕਲੋਨੀ ਅਤੇ ਰੋੜੀ ਕੁੱਟ ਮੁਹੱਲੇ ਦੀਆਂ ਗ਼ਰੀਬ ਬਸਤੀਆਂ ਦੇ 300 ਤੋਂ ਵਧੇਰੇ ਖ਼ੁਸ਼ਕਿਸਮਤ ਲੋਕ ਇਸ ਮਾਲਕੀ ਦੇ ਹੱਕ ਦੇ ਮਾਣ-ਸਨਮਾਨ ਦੇ ਹੱਕਦਾਰ ਬਣੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਜ ਪੰਜਾਬ ਭਰ ’ਚ ਸਮਾਰਟ ਮੀਟਰ (ਪ੍ਰੀਪੇਡ ਅਤੇ ਪੋਸਟ ਪੇਡ) ਜਾਰੀ ਕਰਨ, ਖ਼ਪਤਕਾਰਾਂ ਦੇ ਹੱਕਾਂ ਦੀ ਰਾਖੀ ਲਈ ਅਪਣੀਆਂ ਸ਼ਿਕਾਇਤਾਂ ਖਪਤਕਾਰ ਅਦਾਲਤ/ਕਮਿਸ਼ਨ ’ਚ ਦਾਇਰ ਕਰਨ ਲਈ ਆਨਲਾਈਨ ਪੋਰਟਲ ‘ਈ ਦਾਖ਼ਲ’ ਦੀ ਆਰੰਭਤਾ, ਨੌਜੁਆਨਾਂ ’ਚ ਖੇਡਾਂ ਪ੍ਰਤੀ ਰੁਚੀ ਨੂੰ ਬਣਾਈ ਰੱਖਣ ਲਈ 2500 ਖੇਡ ਕਿੱਟਾਂ ਦੀ ਵੰਡ ਦੀ ਸ਼ੁਰੂਆਤ ਅਤੇ ਧੀਆਂ ਦੀ ਲੋਹੜੀ ਮਨਾਏ ਜਾਣ ਦੇ ਸਮਾਗਮ ਸਾਰੇ ਜ਼ਿਲਿ੍ਹਆਂ ’ਚ ਇਕੋ ਸਾਰ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਲੋਕ ਹਿੱਤੂ ਸੋਚ ਲਈ ਵਧਾਈ ਦੇ ਪਾਤਰ ਹਨ ਅਤੇ ਉਹ ਇਸ ਲਈ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਧਨਵਾਦ ਕਰਦੇ ਹਨ।
ਪੱਤਰਕਾਰਾਂ ਵਲੋਂ ਦਿੱਲੀ ਬਾਰਡਰ ’ਤੇ ਬੈਠੇ ਕਿਸਾਨਾਂ ਬਾਰੇ ਪੁੱਛੇ ਸੁਆਲ ਦੇ ਜੁਆਬ ’ਚ ਉਨ੍ਹਾਂ ਕਿਹਾ ਕਿ ਉਹ ਅਪਣੇ ਹੱਕਾਂ ਲਈ ਠੰਢ ਦੀ ਪ੍ਰਵਾਨ ਨਾ ਕਰਦਿਆਂ ਵੀ ਧਰਨੇ ’ਤੇ ਬੈਠੇ ਹਨ ਅਤੇ ਕੇਂਦਰ ਸਰਕਾਰ ਨੂੰ ਮਾਨਵੀ ਸੰਵੇਦਨਾ ਦਿਖਾਉਂਦਿਆਂ ਅਤੇ ਉਨ੍ਹਾਂ ਦੇ ਤੌਖਲਿਆਂ ਦਾ ਖਿਆਲ ਰਖਦਿਆਂ ਇਹ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਜਿਥੇ ਕਿਸਾਨਾਂ ਦੇ ਪਿਛੇ ਰਹਿੰਦੇ ਪਰਵਾਰਾਂ ਲਈ ਹੈਲਪ ਲਾਈਨ ਚਲਾਈ ਗਈ ਹੈ ਉਥੇ ਧਰਨੇ ਦੌਰਾਨ ਫ਼ੌਤ ਹੋਣ ਵਾਲੇ ਕਿਸਾਨਾਂ ਦੇ ਪਰਵਾਰਾਂ ਨਾਲ ਹਮਦਰਦੀ ਦਿਖਾਉਂਦਿਆਂ, ਪੰਜ-ਪੰਜ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗਰਾਂਟ ਵੀ ਦਿਤੀ ਜਾ ਰਹੀ ਹੈ।
ਇਸ ਮੌਕੇ ਚੇਅਰਮੈਨ ਪੀਆਰਟੀਸੀ ਕੇ.ਕੇ ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਸ਼੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਮੁੱਖ ਮੰਤਰੀ ਪੰਜਾਬ ਦੇ ਓਐਸਡੀ ਅਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਪਰਸਨ ਸ਼੍ਰੀਮਤੀ ਰਾਜ ਕੌਰ, ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਚੇਅਰਮੈਨ ਜਸਬੀਰ ਇੰਦਰ ਸਿੰਘ ਢੀਂਡਸਾ ਆਦਿ ਹਾਜ਼ਰ ਸਨ।
ਫੋਟੋ ਨੰ: 7 ਪੀਏਟੀ 9