
ਬਾਬਾ ਲੱਖਾ ਸਿੰਘ ਤੇ ਕੇਂਦਰੀ ਮੰਤਰੀ ਤੋਮਰ ਦੀ ਮੀਟਿੰਗ ਬਾਅਦ ਛਿੜੀ ਨਵੀਂ ਚਰਚਾ
ਅਚਾਨਕ ਵਿਚੋਲਗੀ ਲਈ ਸਾਹਮਣੇ ਆਉਣ ਕਾਰਨ ਕਿਸਾਨ ਜਥੇਬੰਦੀਆਂ ਵੀ ਹੈਰਾਨ
ਚੰਡੀਗੜ੍ਹ, 7 ਜਨਵਰੀ (ਗੁਰਉਪਦੇਸ਼ ਭੁੱਲਰ) : 8 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦਰਮਿਆਨ ਹੋਣ ਵਾਲੀ 8ਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਤੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਵਿਚ ਹੋਈ ਮੀਟਿੰਗ ਨਾਲ ਨਵੀਂ ਚਰਚਾ ਛਿੜ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਮੀਟਿੰਗ ਵਿਚ ਭਾਜਪਾ ਪੰਜਾਬ ਦੇ ਇਕ ਆਗੂ ਕਮਲਜੀਤ ਸਿੰਘ ਸੋਈ ਵੀ ਮੌਜੂਦ ਰਹੇ। 2 ਘੰਟੇ ਤਕ ਚਲੀ ਇਸ ਮੀਟਿੰਗ ਬਾਅਦ ਸਾਹਮਣੇ ਆਈ ਜਾਣਕਾਰੀ ਮੁਤਾਬਕ ਬਾਬਾ ਲੱਖਾ ਸਿੰਘ ਮਸਲੇ ਦੇ ਹੱਲ ਲਈ ਸਰਕਾਰ ਤੇ ਕਿਸਾਨਾਂ ਦਰਮਿਆਨ ਵਿਚੋਲਗੀ ਕਰਨ ਲਈ ਰਾਜ਼ੀ ਹੋ ਗਏ ਹਨ ਤੇ ਕੇਂਦਰੀ ਨੇ ਉਨ੍ਹਾਂ ਨੂੰ 8 ਦੀ ਮੀਟਿੰਗ ਤੋਂ ਪਹਿਲਾਂ ਇਕ ਨਵਾਂ
ਪ੍ਰਸਤਾਵ ਦੇ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਭੇਜਿਆ ਹੈ। ਇਸ ਪ੍ਰਸਤਾਵ ਵਿਚ ਕੇਂਦਰੀ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦਾ ਮਾਮਲਾ ਰਾਜਾਂ ਉਪਰ ਛੱਡਣ ਬਾਰੇ ਹੈ। ਜ਼ਿਕਰਯੋਗ ਹੈ ਕਿ ਬਾਬਾ ਲੱਖਾ ਸਿੰਘ ਦਿੱਲੀ ਮੋਰਚੇ ਵਿਚ ਲੰਗਰ ਦੀ ਸੇਵਾ ਕਰ ਰਹੇ ਸਨ ਅਤੇ ਉਨ੍ਹਾਂ ਦੇ ਅਚਾਨਕ ਮਸਲੇ ਦੇ ਹੱਲ ਲਈ ਵਿਚੋਲਗੀ ਲਈ ਸਾਹਮਣੇ ਆ ਜਾਣ ਕਾਰਨ ਵੀ ਕਿਸਾਨ ਜਥੇਬੰਦੀਆਂ ਵਿਚ ਹੀ ਕਈ ਸਵਾਲ ਖੜੇ ਹੋ ਗਏ ਹਨ। ਭਾਵੇਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਾਲੇ ਬਾਬਾ ਲੱਖਾ ਸਿੰਘ ਨਾਲ ਕੋਈ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਹੈ ਪਰ ਕਈ ਆਗੂ ਕਹਿ ਰਹੇ ਹਨ ਕਿ ਇਹ ਪ੍ਰਸਤਾਵ ਸਵੀਕਾਰ ਕਰਨ ਯੋਗ ਨਹੀਂ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਕੇਂਦਰ ਸਰਕਾਰ ਦੀ ਮੀਟਿੰਗ ਤੋਂ ਪਹਿਲਾਂ ਰਾਜਾਂ ਵਿਚ ਵਖਰੇਵੇਂ ਪੈਦਾ ਕਰ ਕੇ ਕਿਸਾਨ ਆਗੂਆਂ ਨੂੰ ਪਾਟੋਧਾੜ ਕਰਨ ਦੀ ਹੀ ਚਾਲ ਲਗਦੀ ਹੈ।
ਡੱਬੀ
ਬਾਬਾ ਲੱਖਾ ਸਿੰਘ ਦੀ ਗੱਲ ਨਹੀਂ ਮੰਨਣਗੀਆਂ ਕਿਸਾਨ ਜਥੇਬੰਦੀਆਂ : ਰੁਲਦੂ ਸਿੰਘ
ਬਾਬਾ ਲੱਖਾ ਸਿੰਘ ਵਲੋਂ ਕੇਂਦਰੀ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਬਾਅਦ ਕਿਸਾਨ ਜਥੇਬੰਦੀਆਂ ਨੂੰ ਪੇਸ਼ ਕੀਤੇ ਹੱਲ ਦੇ ਨਵੇਂ ਪ੍ਰਸਤਾਵ ਬਾਰੇ ਸੰਘਰਸ਼ਸ਼ੀਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨਾਲ ਸਬੰਧਤ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਕੇਂਦਰ ਕਿਸਾਨਾਂ ਦੇ ਮਜ਼ਬੂਤ ਅੰਦੋਲਨ ਨੂੰ ਢਾਹ ਲਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚਲ ਰਿਹਾ ਹੈ ਪਰ ਕਿਸਾਨ ਆਗੂ ਪੂਰੀ ਤਰ੍ਹਾਂ ਸੁਚੇਤ ਹਨ। ਉਨ੍ਹਾਂ ਕਿਹਾ ਕਿ ਬਾਬਾ ਲੱਖਾ ਸਿੰਘ ਅਚਾਨਕ ਕਿਥੋਂ ਆ ਗਿਆ ਤੇ ਇਸ ਦੀ ਗੱਲ ਲੰਮੇ ਸਮੇਂ ਤੋਂ ਲੜ ਰਹੀਆਂ 40 ਕਿਸਾਨ ਜਥੇਬੰਦੀਆਂ ਨਹੀਂ ਮੰਨਣਗੀਆਂ। ਰਾਜਾਂ ’ਤੇ ਕਾਨੂੰਨਾਂ ਦਾ ਫ਼ੈਸਲਾ ਛੱਡਣ ਦਾ ਫ਼ਾਰਮੂਲਾ ਤਾਂ ਰਾਜਾਂ ਵਿਚ ਲੜਾਈ ਕਰਵਾਉਣ ਵਾਲਾ ਹੈ ਤੇ ਕੇਂਦਰੀ ਕਾਨੂੰਨਾਂ ਦੀ ਤਲਵਾਰ ਤਾਂ ਲਟਕਦੀ ਰਹੇਗੀ।
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਪਾਟੋਧਾੜ ਕਰਨ ਦੇ ਕੇਂਦਰ ਦੇ ਮਨਸੂਬੇ ਸਫ਼ਲ ਨਹੀਂ ਹੋਣਗੇ ਅਤੇ ਉਨ੍ਹਾਂ ਨੂੰ ਤਿੰਨ ਕਾਨੂੰਨ ਰੱਦ ਕਰਵਾਏ ਬਿਨਾਂ ਹੋਰ ਕੋਈ ਹੱਲ ਮੰਜ਼ੂੁਰ ਨਹੀਂ।