
ਪ੍ਰਮਾਤਮਾ ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਲੰਮੀ ਕਰੇ ਤਾਕਿ ਉਹ ਅਪਣੀ ਪਾਰਟੀ ਦਾ ਵਿਨਾਸ਼ ਹੁੰਦਾ ਵੇਖ ਸਕੇ : ਭਗਵੰਤ ਮਾਨ
ਮਾਨਸਾ, 7 ਜਨਵਰੀ (ਸੁਖਵੰਤ ਸਿੰਘ ਸਿੱਧੂ/ਬਹਾਦਰ ਖ਼ਾਨ) : ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਉਮਰ ਕਰੇ ਕਿਉਂਕਿ ਅੱਜ ਉਹ 94 ਸਾਲ ਦੇ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਉਮਰ ਇਸ ਲਈ ਲੰਮੀ ਹੋਵੇ ਕਿਉਂਕਿ ਉਨ੍ਹਾਂ ਦੇ ਪੁੱਤਰ ਅਕਾਲੀ ਦਲ ਦਾ ਵਿਨਾਸ਼ ਕਰ ਰਹੇ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਅਪਣੇ ਅੱਖੀਂ ਇਹ ਜ਼ਰੂਰ ਪਾਰਟੀ ਦਾ ਵਿਨਾਸ਼ ਹੁੰਦਾ ਵੇਖਣ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਆਪ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ। ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਵਾਰੋ ਵਾਰੀ ਪੰਜਾਬ ਨੂੰ ਲੁੱਟਿਆ ਹੈ ਅਤੇ ਪੰਜਾਬ ਦੇ ਲੋਕਾਂ ਦਾ ਕੁੱਝ ਨਹੀਂ ਸੰਵਾਰਿਆ ਸਗੋਂ ਆਪਣੀਆਂ ਤਿਜੌਰੀਆਂ ਭਰਨ ਦੇ ਲਈ ਪੰਜਾਬ ਨੂੰ ਪੀੜ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੀ ਵੱਡੀ ਲੋੜ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਚੰਗੇ ਬੀਜ ਨਹੀਂ ਦਿਤੇ ਜਾਂਦੇ ਜਿਸ ਕਾਰਨ ਹਰ ਵਾਰ ਉਨ੍ਹਾਂ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਖੇਤੀਬਾੜੀ ਯੂਨੀਵਰਸਿਟੀ ਨੂੰ ਫ਼ੰਡ ਅਤੇ ਜ਼ਰੂਰਤਾਂ ਮੁਹਈਆ ਨਹੀਂ ਕਰਵਾਈਆਂ ਜਿਸ ਕਾਰਨ ਅੱਜ ਸਾਡੀ ਯੂਨੀਵਰਸਿਟੀ ਵੀ ਅਪਣੀ ਤ੍ਰਾਸਦੀ ਤੇ ਹੰਝੂ ਵਹਾ ਰਹੀ ਹੈ।
ਮਾਨ ਨੇ ਫ਼ਿਰੋਜ਼ਪੁਰ ਵਿਚ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਰੈਲੀ ਦੇ ਵਿਚ ਲੋਕਾਂ ਦਾ ਇਕੱਠ ਨਹੀਂ ਹੋਇਆ ਜਿਸ ਕਾਰਨ ਪ੍ਰਧਾਨ ਮੰਤਰੀ ਇਸ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਹੀ ਵਾਪਸ ਮੁੜ ਗਏ। ਪੰਜਾਬ ਦੇ ਕਿਸਾਨਾਂ ਤੇ ਲੋਕਾਂ ’ਚ ਅੱਜ ਵੀ ਪ੍ਰਧਾਨ ਮੰਤਰੀ ਵਿਰੁਧ ਰੋਸ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਪੰਜਾਬ ਦੇ ਅਣਖੀ ਲੋਕ ਸ਼ਾਮਲ ਨਹੀਂ ਹੋਏ।
ਭਗਵੰਤ ਮਾਨ ਨੇ ਕਾਂਗਰਸ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮਸਲੇ ਹੱਲ ਕਰਨ ਦੀ ਗੱਲ ਕਰ ਰਿਹਾ ਹੈ ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਵਿਚ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦੀ ਇਕ ਦੂਸਰੇ ਦੇ ਨਾਲ ਬਣਦੀ ਤਕ ਨਹੀਂ ਹੈ। ਉਨ੍ਹਾਂ ਕਿਹਾ ਅੱਜ ਪੰਜਾਬ ਦੇ ਲੋਕ ਬਦਲਾਅ ਲਿਆਉਣ ਦੇ ਲਈ ਇਨ੍ਹਾਂ ਪਾਰਟੀਆਂ ਨੂੰ 2022 ਦੀਆਂ ਚੋਣਾਂ ਵਿਚ ਮੂੰਹ ਤੋੜ ਜਵਾਬ ਦੇਣਗੇ ਤੇ ਆਪ ਦੀ ਸਰਕਾਰ ਬਣਾਉਣਗੇ। ਇਸ ਮੌਕੇ ਡਾ ਵਿਜੇ ਸਿੰਗਲਾ ਗੁਰਪ੍ਰੀਤ ਬਣਾਂਵਾਲੀ ਗੁਰਪ੍ਰੀਤ ਸਿੰਘ ਭੁੱਚਰ ਵਰਿੰਦਰ ਸੋਨੀ ਰਮੇਸ਼ ਖਿਆਲਾ ਹਰਜੀਤ ਸਿੰਘ ਦੰਦੀਵਾਲ ਆਦਿ ਹਾਜ਼ਰ ਸਨ।
Mansa_7_J1N_6_2_3