
ਜੇਲ ਕੈਦੀਆਂ ਵਲੋਂ ਸੂਬੇ ਭਰ ਵਿਚ ਪਟਰੌਲ ਅਤੇ ਡੀਜ਼ਲ ਦੇ 12 ਰਿਟੇਲ ਆਊਟਲੈਟ ਚਲਾਏ ਜਾਣਗੇ
ਚੰਡੀਗੜ੍ਹ, 7 ਜਨਵਰੀ (ਸ.ਸ.ਸ.) : ਜੇਲ ਕੈਦੀਆਂ ਦੇ ਸੁਧਾਰ ਦੇ ਉਦੇਸ਼ ਨਾਲ ਪੰਜਾਬ ਜੇਲ ਵਿਕਾਸ ਬੋਰਡ (ਪੀਪੀਡੀਬੀ) ਵਲੋਂ ਅੱਜ ਇੰਡੀਅਨ ਆਇਲ (ਆਈਓਸੀਐਲ) ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀਪੀਸੀਐਲ) ਨਾਲ 12 ਰਿਟੇਲ ਆਊਟਲੇਟ (ਆਰਓ) ਖੋਲ੍ਹਣ ਲਈ ਸਮਝੌਤਾ ਸਹੀਬੱਧ ਕੀਤਾ ਗਿਆ। ਇਨ੍ਹਾਂ ਰਿਟੇਲ ਆਊਟਲੇਟਾਂ ਦਾ ਪ੍ਰਬੰਧ ਸੂਬੇ ਭਰ ਦੇ ਜੇਲਾਂ ਕੈਦੀਆਂ ਵਲੋਂ ਕੀਤਾ ਜਾਵੇਗਾ।
ਇਹ ਸਮਝੌਤਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਤਤਕਾਲ ਪ੍ਰਵਾਨਗੀ ਉਪਰੰਤ ਸਹੀਬੱਧ ਕੀਤਾ ਗਿਆ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਆਈਓਸੀਐਲ ਅਤੇ ਬੀਪੀਸੀਐਲ ਨਾਲ ਸਮਝੌਤਿਆਂ ਦੇ ਲਾਗੂ ਕਰਨ ਅਤੇ ਇਸ ਉਪਰੰਤ ਸਬੰਧਤ ਤੇਲ ਮਾਰਕੀਟਿੰਗ ਕੰਪਨੀਆਂ ਨਾਲ ਲੀਜ਼ ਡੀਡਜ਼ ਨੂੰ ਪ੍ਰਵਾਨਗੀ ਦੇ ਦਿਤੀ ਹੈ। ਇਨ੍ਹਾਂ 12 ਰਿਟੇਲ ਆਊਟਲੇਟਾਂ ਵਿਚੋਂ 11 ਇੰਡੀਅਨ ਆਇਲ ਵਲੋਂ ਅਤੇ ਇਕ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵਲੋਂ ਖੋਲ੍ਹਿਆ ਜਾਵੇਗਾ। ਇਹ ਸਮਝੌਤਾ ਪੰਜਾਬ ਜੇਲ ਵਿਕਾਸ ਬੋਰਡ ਦੀ ਤਰਫ਼ੋਂ ਬੋਰਡ ਦੇ ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਕਮ ਮੈਂਬਰ ਸਕੱਤਰ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਵਲੋਂ ਜਦਕਿ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਤਰਫ਼ੋਂ ਸ੍ਰੀ ਅਮਰਿੰਦਰ ਕੁਮਾਰ ਵਲੋਂ ਸਹੀਬੱਧ ਕੀਤਾ ਗਿਆ। ਇਹ ਸਮਝੌਤਾ ਪ੍ਰਮੁੱਖ ਸਕੱਤਰ (ਜੇਲਾਂ) ਡੀ.ਕੇ. ਤਿਵਾੜੀ, ਇੰਡੀਅਨ ਆਇਲ ਦੇ ਕਾਰਜਕਾਰੀ ਡਾਇਰੈਕਟਰ ਸੁਜੋਏ ਚੌਧਰੀ, ਆਈਜੀ (ਜੇਲਾਂ) ਰੂਪ ਕੁਮਾਰ ਅਰੋੜਾ ਅਤੇ ਡੀਆਈਜੀਜ ਐਸ.ਐਸ. ਸੈਣੀ ਅਤੇ ਅਮਨੀਤ ਕੌਂਡਲ ਦੀ ਮੌਜੂਦਗੀ ਵਿਚ ਸਹੀਬੱਧ ਕੀਤਾ ਗਿਆ। ਇਸ ਸਮਝੌਤਾ ਦੇ ਦਿਨ ਨੂੰ ਯਾਦਗਾਰ ਦਸਦਿਆਂ ਏ.ਡੀ.ਜੀ.ਪੀ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਸੁਧਾਰਵਾਦੀ ਨੀਤੀਆਂ ਦਾ ਹਿੱਸਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੇਲਾਂ ਵਿਚ ਬੰਦ ਕੈਦੀ ਜੋ ਮੁੜ ਲੀਹਾਂ ’ਤੇ ਆਉਣਾ ਚਾਹੁੰਦੇ ਹਨ, ਨੂੰ ਲੋੜੀਂਦੇ ਮੌਕੇ ਦਿਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਹ ਰਿਟੇਲ ਆਊਟਲੈੱਟ ਜੇਲ ਵਿਕਾਸ ਬੋਰਡ ਵਲੋਂ ਚਲਾਏ ਜਾਣਗੇ ਅਤੇ ਇਨ੍ਹਾਂ ਦਾ ਪ੍ਰਬੰਧਨ ਜੇਲ ਸਟਾਫ਼ ਦੇ ਨਾਲ-ਨਾਲ ਕੈਦੀਆਂ ਵਲੋਂ ਵੀ ਕੀਤਾ ਜਾਵੇਗਾ।
ਸ੍ਰੀ ਸਿਨਹਾ ਨੇ ਕਿਹਾ ਕਿ ਰਿਟੇਲ ਆਉਟਲੈਟਾਂ ਦੇ ਸੰਚਾਲਨ ਨਾਲ ਬੋਰਡ ਲਈ ਮਾਲੀਆ ਪੈਦਾ ਹੋਵੇਗਾ ਅਤੇ ਕੈਦੀਆਂ ਨੂੰ ਹੁਨਰ ਵਿਕਾਸ, ਸੁਧਾਰ ਅਤੇ ਪੁਨਰਵਾਸ ਲਈ ਢੁਕਵੇਂ ਮੌਕੇ ਮੁਹਈਆ ਹੋਣਗੇ। ਉਨ੍ਹਾਂ ਕਿਹਾ, “ਇਹ ਪ੍ਰਾਜੈਕਟ ਜੇਲ ਵਿਭਾਗ ਅਤੇ ਜੇਲ ਕੈਦੀਆਂ ਦੇ ਨਾਲ-ਨਾਲ ਆਇਲ ਮਾਰਕੀਟਿੰਗ ਕੰਪਨੀਆਂ ਲਈ ਵੀ ਲਾਹੇਵੰਦ ਹੋਵੇਗਾ ਕਿਉਂਕਿ ਉਨ੍ਹਾਂ ਸਾਰਿਆਂ ਨੂੰ ਇਸ ਦਾ ਲਾਭ ਮਿਲੇਗਾ।”