
ਜਾਰਜੀਆ ਹਾਦਸੇ ’ਚ ਮਾਰੇ ਗਏ ਵਿਅਕਤੀ ਦੀ ਧੀ ਨੂੰ ਦਿਤਾ ਸਹਾਰਾ
14 ਦਸੰਬਰ 2024 ਨੂੰ ਜਾਰਜੀਆ ਵਿਚ ਇਕ ਰੈਸਟੋਰੈਂਟ ਵਿਚ ਹਾਦਸਾ ਵਾਪਰ ਗਿਆ ਸੀ ਜਿਸ ਵਿਚ ਪੰਜਾਬ ਦੇ 11 ਨੌਜਵਾਨਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਵਿਚ ਤਰਨਤਾਰਨ ਦਾ ਸੰਦੀਪ ਸਿੰਘ ਵੀ ਮੌਜੂਦ ਸੀ। ਸੰਦੀਪ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨਾਲ ਮਿਲਣ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਐਸ.ਪੀ. ਓਬਰਾਏ ਪਹੁੰਚੇ ਸਨ। ਜਿਨ੍ਹਾਂ ਵਲੋਂ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ।
ਸੰਦੀਪ ਸਿੰਘ ਦੀ ਬੇਟੀ ਨੇ ਐਸਪੀ ਓਬਰਾਏ ਨੂੰ ਆਪਣੀ ਗੱਲਬਾਤ ਰਾਹੀਂ ਭਾਵੁਕ ਕਰ ਦਿਤਾ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਸੰਦੀਪ ਸਿੰਘ ਦੀ ਬੇਟੀ ਨੇ ਕਿਹਾ ਕਿ ਮੇਰਾ ਨਾਮ ਇਕਾਗਰਦੀਪ ਕੌਰ ਹੈ ਤੇ ਮੇਰੀ ਉਮਰ ਸੱਤ ਸਾਲ ਹੈ। ਉਸ ਨੇ ਕਿਹਾ ਕਿ ਐਸ ਪੀ ਓਬਰਾਏ ਮੈਨੂੰ ਕਿਹਾ ਸੀ ਕਿ ਉਨ੍ਹਾਂ ਨੇ ਮੇਰੀ ਪੈਨਸ਼ਨ ਲਗਵਾ ਦਿਤੀ ਹੈ ਤੇ ਉਨ੍ਹਾਂ ਨੇ ਮੈਨੂੰ ਗੋਦ ਲਿਆ ਹੈ। ਇਕਾਗਰਦੀਪ ਕੌਰ ਨੇ ਕਿਹਾ ਕਿ ਮੈਂ ਉਨ੍ਹਾਂ ਦਾ ਦਿਲੋਂ ਧਨਵਾਦ ਕਰਦੀ ਹਾਂ।
ਉਸ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਬਾਕਸਿੰਗ ਖੇਡਣਾ ਵੀ ਮੈਨੂੰ ਬਹੁਤ ਚੰਗਾ ਲਗਦਾ ਹੈ। ਉਸ ਨੇ ਕਿਹਾ ਕਿ ਮੈਨੂੰ ਪਾਪਾ ਦੀ ਬਹੁਤ ਯਾਦ ਆਉਂਦੀ ਹੈ ਤੇ ਕਈ ਵਾਰ ਪਾਪਾ ਮੇਰੇ ਸੁਪਨੇ ਵਿਚ ਮੈਨੂੰ ਪੜ੍ਹਾਉਂਦੇ ਹਨੇ ਤੇ ਖੇਡਦੇ ਵੀ ਹਨ। ਉਸ ਨੇ ਕਿਹਾ ਕਿ ਪਾਪਾ ਜਦੋਂ ਬਾਹਰਲੇ ਦੇਸ਼ ਗਏ ਸਨ ਤਾਂ ਬਹੁਤ ਖ਼ੁਸ਼ੀ ਹੋਈ ਸੀ, ਪਰ ਸਾਰਾ ਘਰ ਸੁੰਨਾ-ਸੁੰਨਾ ਹੋ ਗਿਆ ਸੀ। ਉਸ ਨੇ ਕਿਹਾ ਕਿ ਜਿਸ ਦਿਨ ਪਾਪਾ ਦੀ ਮੌਤ ਦੀ ਖ਼ਬਰ ਆਈ ਸੀ ਉਹ ਦਿਨ ਬਹੁਤ ਬੁਰਾ ਸੀ ਤੇ ਸਾਡਾ ਸਾਰਾ ਪਰਵਾਰ ਬਹੁਤ ਦੁਖੀ ਸੀ।