ਰੇਲਵੇ ਪੁਲਿਸ ਦੇ ਜਵਾਨਾਂ ਵੱਲੋਂ ਮਾਂ ਅਤੇ ਬੱਚੇ ਸਿਵਲ ਹਸਤਪਾਲ ਵਿਚ ਕਰਵਾਇਆ ਗਿਆ ਭਰਤੀ
ਜਲੰਧਰ : ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਅੱਜ ਸਵੇਰੇ ਲਗਭਗ 10 ਵਜੇ ਇੱਕ ਔਰਤ ਨੇ ਟਰੇਨ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ । ਜੀ.ਆਰ.ਪੀ. ਦੇ ਏ.ਐਸ.ਆਈ. ਅਸ਼ੋਕ ਕੁਮਾਰ, ਏ.ਐਸ.ਆਈ. ਰਾਜਵਿੰਦਰ ਸਿੰਘ, ਏੇ.ਐਸ.ਆਈ. ਆਸ ਮੁਹੰਮਦ ਅਤੇ ਲੇਡੀ ਕਾਂਸਟੇਬਲ ਸੁਰੇਖਾ ਰਾਣੀ ਪਲੇਟਫਾਰਮ ਨੰਬਰ ਦੋ ’ਤੇ ਤਿੰਨ ਤੇ ਚੈਕਿੰਗ ਦੌਰਾਨ ਮੌਜੂਦ ਸਨ। ਇਸ ਦੌਰਾਨ ਟਰੇਨ ਕਾਮਾਖਿਆ ਐਕਸਪ੍ਰੈਸ ਸਟੇਸ਼ਨ ’ਤੇ ਆ ਕੇ ਰੁਕੀ। ਟਰੇਨ ਦੇ ਕੋਚ ਨੰਬਰ ਬੀ ਪੰਜ ਵਿੱਚ ਔਰਤ ਪੁਨੀਤਾ ਦੇਵੀ ਆਪਣੇ ਪਤੀ ਰਾਜ ਕੁਮਾਰ ਅਤੇ ਦੋ ਛੋਟੇ ਬੱਚਿਆਂ ਨਾਲ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਕਪਤਾਨਗੰਜ (ਉੱਤਰ ਪ੍ਰਦੇਸ਼) ਵੱਲ ਸਫ਼ਰ ਕਰ ਰਹੀ ਸੀ ਕਿ ਔਰਤ ਦੀ ਯਾਤਰਾ ਦੌਰਾਨ ਡਿਲੀਵਰੀ ਹੋ ਗਈ।
ਸੂਚਨਾ ਮਿਲਦੇ ਹੀ ਰੇਲਵੇ ਦੇ ਡਾਕਟਰ ਨੂੰ ਮੌਕੇ ’ਤੇ ਬੁਲਾਇਆ ਗਿਆ। ਔਰਤ ਅਤੇ ਉਸ ਦੇ ਪਤੀ ਅਤੇ ਬੱਚਿਆਂ ਨੂੰ ਟਰੇਨ ਤੋਂ ਉਤਾਰ ਕੇ ਮਾਂ-ਬੱਚੇ ਨੂੰ ਮੁੱਢਲਾ ਇਲਾਜ ਦਿੱਤਾ ਗਿਆ । ਇਸ ਤੋਂ ਬਾਅਦ ਐਂਬੂਲੈਂਸ ਦਾ ਪ੍ਰਬੰਧ ਕਰਕੇ ਔਰਤ ਅਤੇ ਨਵਜਨਮੇ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਵਿੱਚ ਦਾਖਲ ਕਰਵਾਇਆ ਗਿਆ। ਰੇਲਵੇ ਪੁਲਿਸ ਅਤੇ ਆਰ.ਪੀ.ਐਫ. ਦੀ ਵਧੀਆ ਕਾਰਗੁਜ਼ਾਰੀ ਸਦਕਾ ਮਾਂ ਅਤੇ ਬੱਚਾ ਦੋਵੇਂ ਸੁਰੱਖਿਅਤ ਅਤੇ ਤੰਦਰੁਸਤ ਹਨ।
