
ਕਰਤਾਰਪੁਰ ਕੋਰੀਡੋਰ ਉਤੇ ਪਹਿਲੀ ਵਾਰ ਬੈਠਕ ਕਰਨ ਲਈ ਪਾਕਿਸਤਾਨ ਦਾ ਇਕ ਪ੍ਰਤੀਨਿਧੀ ਮੰਡਲ 13 ਮਾਰਚ ਨੂੰ ਭਾਰਤ...
ਚੰਡੀਗੜ੍ਹ : ਕਰਤਾਰਪੁਰ ਕੋਰੀਡੋਰ ਉਤੇ ਪਹਿਲੀ ਵਾਰ ਬੈਠਕ ਕਰਨ ਲਈ ਪਾਕਿਸਤਾਨ ਦਾ ਇਕ ਪ੍ਰਤੀਨਿਧੀ ਮੰਡਲ 13 ਮਾਰਚ ਨੂੰ ਭਾਰਤ ਆਵੇਗਾ। ਉਹ ਇਥੇ ਆ ਕੇ ਸਰਹੱਦ ਪਾਰ ਤੀਰਥ ਯਾਤਰਾ ਲਈ ਤੌਰ ਤਰੀਕੇ ਉਤੇ ਚਰਚਾ ਕਰੇਗਾ। ਪਾਕਿਸਤਾਨ ਨੇ ਭਾਰਤੀ ਪ੍ਰਤੀਨਿਧੀ ਮੰਡਲ ਦੁਆਰਾ 15 ਦਿਨਾਂ ਤੋਂ ਬਾਅਦ ਡਰਾਫਟ ਸਮਝੌਤੇ ਨੂੰ ਆਖਰੀ ਰੂਪ ਦੇਣ ਲਈ ਇਕ ਯਾਤਰਾ ਦਾ ਪ੍ਰਸਤਾਵ ਰੱਖਿਆ ਹੈ। ਗੁਰਦਾਸਪੁਰ ਸਰਹੱਦ ਤੋਂ 4 ਕਿਲੋਮੀਟਰ ਦੂਰ ਨਰੋਵਲ ਵਿਚ ਸਥਿਤ ਦਰਬਾਰ ਸਾਹਿਬ ਕਰਤਾਰਪੁਰ ਗੁਰਦੁਆਰਾ ਵਿਚ ਸਿੱਖ ਤੀਰਥ ਯਾਤਰੀਆਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਬੈਠਕ ਆਯੋਜਿਤ ਕੀਤੀ ਜਾਵੇਗੀ।
Kartarpur Sahib Pakistan
ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਟਵਿਟਰ ਉਤੇ ਲਿਖਿਆ, ਰਚਨਾਤਮਕ ਸ਼ਮੂਲੀਅਤ ਲਈ ਪਾਕਿਸਤਾਨ ਨੇ ਭਾਰਤ ਨੂੰ ਪ੍ਰਸਤਾਵ ਦਿਤਾ ਹੈ ਕਿ ਪਾਕਿਸਤਾਨ ਦਾ ਇਕ ਪ੍ਰਤੀਨਿਧੀ ਮੰਡਲ 13 ਮਾਰਚ ਨੂੰ ਭਾਰਤ ਦੀ ਯਾਤਰਾ ਉਤੇ ਆਵੇਗਾ। ਜਿਸ ਤੋਂ ਬਾਅਦ ਭਾਰਤ ਦਾ ਪ੍ਰਤੀਨਿਧੀ ਮੰਡਲ 28 ਮਾਰਚ ਨੂੰ ਪਾਕਿਸਤਾਨ ਆਵੇਗਾ ਤਾਂ ਕਿ ਕਰਤਾਰਪੁਰ ਕੋਰੀਡੋਰ ਦੇ ਖਰੜੇ ਨੂੰ ਅੰਤਮ ਰੂਪ ਦਿਤਾ ਜਾ ਸਕੇ।
Kartarpur corridor construction work
ਵਿਦੇਸ਼ ਮੰਤਰਾਲਾ ਦੇ ਸਰਕਾਰੀ ਬੁਲਾਰੇ ਰਵੀਸ਼ ਕੁਮਾਰ ਨੇ ਟਵਿਟਰ ਉਤੇ ਲਿਖਿਆ, ਅਸੀਂ 13 ਮਾਰਚ 2019 ਨੂੰ ਭਾਰਤ ਦੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਮਾਧਿਅਮ ਨਾਲ ਤੀਰਥ ਯਾਤਰੀਆਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਚਰਚਾ ਕਰਨ ਅਤੇ ਖਰੜੇ ਨੂੰ ਅੰਤਮ ਰੂਪ ਦੇਣ ਲਈ ਪਾਕਿਸਤਾਨ ਦੀ ਟੀਮ ਦਾ ਸਵਾਗਤ ਕਰਦੇ ਹਾਂ। ਜ਼ਰੂਰਤ ਦੇ ਅਨੁਸਾਰ ਫਾਲੋਅਪ ਬੈਠਕ ਪਾਕਿਸਤਾਨ ਵਿਚ ਹੋਵੇਗੀ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਯਾਤਰਾ ਦੇ ਤੌਰ-ਤਰੀਕਿਆਂ ਉਤੇ ਗੱਲਬਾਤ ਦਾ ਇੰਤਜ਼ਾਰ ਕੀਤੇ ਬਿਨਾਂ ਦੋਨਾਂ ਪਾਸੇ ਦੇ ਇੰਜੀਨੀਅਰਾਂ ਦੇ ਨਾਲ ਤਕਨੀਕੀ ਪੱਧਰ ਦੀ ਗੱਲ ਕਰਨ।