
ਸਿੱਖ ਕੌਮ ਦੀ ਮਹਾਨ ਧਾਰਮਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਵੇਲੇ ਸਿਆਸਤ ਦੀ ਭੇਟ ਚੜ ਗਈ ਹੈ।
ਅੰਮ੍ਰਿਤਸਰ : ਸਿੱਖ ਕੌਮ ਦੀ ਮਹਾਨ ਧਾਰਮਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਵੇਲੇ ਸਿਆਸਤ ਦੀ ਭੇਟ ਚੜ ਗਈ ਹੈ। ਇਸ ਦੀ ਪਹਿਲਾਂ ਵਾਲੀ ਅਜ਼ਾਦ ਹੋਂਦ-ਹਸਤੀ ਬਰਕਰਾਰ ਰੱਖਣ ਲਈ ਸਿੱਖ-ਸੰਗਤ ਨੂੰ ਅੱਗੇ ਆਉਣ ਤੇ ਕਾਬਜ ਧਿਰਾਂ ਨੂੰ ਬਾਹਰ ਕੱਢਣ ਵਾਸਤੇ ਤਿੱਖਾ ਘੋਲ ਕਰਨਾ ਪਵੇਗਾ, ਜਿਨਾ ਇਸਦਾ ਸਿਆਸੀ ਕਰਨ ਨਿਜੀ ਮੁਫਾਦ ਲਈ ਕਰ ਦਿਤਾ ਹੈ।
SGPC
ਸਿੱਖ ਸਿਆਸਤ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਹਿਮ ਥਾਂ ਹੈ। ਸ਼੍ਰੋਮਣੀ ਕਮੇਟੀ ਕਨੂੰਨੀ ਤੌਰ 'ਤੇ ਭਾਂਵੇਂ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਦੇ ਨਾਲ-ਨਾਲ ਵਿਦਿਅਕ ਅਦਾਰਿਆਂ, ਹਸਪਤਾਲਾਂ ਦਾ ਇੰਤਜ਼ਾਮ ਵੀ ਉਸ ਦੇ ਪ੍ਰਬੰਧਾਂ 'ਚ ਸ਼ੁਮਾਰ ਹੈ। ਸ਼੍ਰੋਮਣੀ ਕਮੇਟੀ ਸਿੱਖ ਸਿਆਸਤ ਦਾ ਧੁਰਾ ਹੈ। ਪੰਥਕ ਹਲਕਿਆਂ ਮੁਤਾਬਕ ਜਿਸ ਕੋਲ ਸ਼੍ਰੋਮਣੀ ਕਮੇਟੀ ਹੈ, ਉਸ ਪਾਸ ਹੀ ਸ਼੍ਰੌਮਣੀ ਅਕਾਲੀ ਦਲ, ਸੀ੍ਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤਾਇਨਾਤ ਕਰਨ ਦਾ ਅਧਿਕਾਰ ਹੈ।
Photo
ਇਹੋ ਇਕ ਕਾਰਨ ਹੈ ਕਿ ਬਾਦਲ ਪਰਵਾਰ ਕੋਲ ਸੱਤਾ ਤੇ ਸਰਕਾਰ ਦੇ ਨਾਲ-ਨਾਲ ਉਕਤ ਸਿੱਖ ਸੰਗਠਨਾ ਦੀ ਹਮਾਇਤ ਪ੍ਰਾਪਤ ਹੋਣ ਕਰ ਕੇ ਉਹ ਸ਼੍ਰੋਮਣੀ ਕਮੇਟੀ ਤੇ ਕਾਬਜ ਰਹਿਣ ਲਈ ਇਸ ਦੀਆਂ ਚੋਣਾਂ ਨਾ ਹੋਣ ਦੇਣ ਵਾਸਤੇ ਹਰ ਸੰਭਵ ਯਤਨ ਕਰ ਰਿਹਾ ਹੈ ਤਾਂ ਜੋ ਸਿੱਖ ਸੰਗਤ ਤੇ ਗਲਬਾ ਕਾਇਮ ਰਖਿਆ ਜਾ ਸਕੇ।
Photo
ਪੰਥਕ ਸਿਆਸਤ ਨੂੰ ਸਮਝ ਰਹੇ ਵਿਦਵਾਨਾ ਮੁਤਾਬਕ ਘਾਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੇ ਸੰਗਰੂਰ ਰੈਲੀ 'ਚ ਸੁਖਬੀਰ ਸਿੰਘ ਬਾਦਲ ਨੂੰ ਸੰਕੇਤ ਦੇ ਦਿਤਾ ਹੈ ਕਿ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਬਰਕਰਾਰ ਰੱਖਣ ਲਈ ਯਤਨਸ਼ੀਲ ਰਹੇ, ਜਿਸ 'ਤੇ ਕਾਬਜ਼ ਹੋਣ ਲਈ ਪੰਥਕ ਸੰਗਠਨ, ਸੁਖਦੇਵ ਸਿੰਘ ਢੀਂਡਸਾ, ਟਕਸਾਲੀ ਅਤੇ ਸਿਖ ਸੰਗਤ ਚਾਰਾਜੋਈ ਕਰ ਰਹੀ ਹੈ।
Photo
ਇਹ ਦੱਸਣਯੋਗ ਹੈ ਕਿ ਕਨੂੰਨ ਮੁਤਾਬਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੈ। ਇਸ ਵੇਲੇ ਮੋਦੀ ਸਰਕਾਰ ਨਾਲ ਸਾਂਝ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੈ। ਚਰਚਾਵਾਂ ਦਾ ਸਿਆਸੀ ਬਜ਼ਾਰ ਗਰਮ ਹੈ ਕਿ ਬਾਦਲਾਂ ਨੇ ਅਪਣਾ ਰਾਜਨੀਤਕ ਅਸਰ ਰਸੂਖ ਵਰਤਦਿਆਂ ਚੋਣ ਕਰਵਾ ਦੇਣ ਵਾਲਾ ਦਫ਼ਤਰ ਹੀ ਬੰਦ ਕਰਵਾ ਦਿਤਾ ਹੈ।
Photo
ਸਿੱਖ ਮਿੰਨੀ ਸੰਸਦ ਦੀ ਚੋਣ ਕਦੇ ਵੀ ਨਿਸਚਿਤ ਸਮੇਂ ਨਹੀ ਹੋਈ ਤੇ ਇਸ ਸਬੰਧੀ ਸਿੱਖਾਂ ਨੂੰ ਅਦਾਲਤ ਵਿਚ ਵੀ ਜਾਣਾ ਪਿਆ। ਵਕੀਲ ਐਚ ਐਸ ਫੂਲਕਾ ਨੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਇਸ ਸਬੰਧੀ ਹੋਏ ਚਿਠੀ ਪੱਤਰ ਦੇ ਹਵਾਲੇ ਨਾਲ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੀ ਮਿਆਦ 2016 ਨੂੰ ਮੁਕ ਚੁਕੀ ਹੈ।
Photo
ਪੰਥਕ ਰਾਜਨੀਤੀਵਾਨਾ ਅਨੁਸਾਰ ਸ਼੍ਰੋਮਣੀ ਕਮੇਟੀ ਅਥਾਹ ਸ਼ਹਾਦਤਾਂ ਨਾਲ ਹੋਂਦ ਵਿਚ ਆਈ ਹੈ ਤੇ ਇਹ ਕਿਸੇ ਪਰਵਾਰ ਦੀ ਜਗੀਰ ਨਹੀਂ । ਮੌਜੂਦਾ ਬਣੇ ਹਲਾਤਾਂ 'ਚ ਸਮੁਚੀਆਂ ਪੰਥਕ ਧਿਰਾਂ ਨੂੰ ਇਕਸੁਰ ਨਾਲ ਕੇਂਦਰ ਸਰਕਾਰ ਕੋਲ ਦਬਾਅ ਬਣਾਉਣ ਲਈ ਅੰਦੋਲਨ ਵਿਢਣ ਦੇ ਨਾਲ ਕਨੂੰਨੀ ਰਸਤਾ ਵੀ ਅਖਤਿਆਰ ਕਰਨਾ ਪਵੇਗਾ।