
ਕੋਰੋਨਾ ਕਾਲ ਤੋਂ ਬਾਅਦ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੂੰ ਰਾਹਤ ਮਿਲਣ ਦੇ ਅਸਾਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਪਣੇ ਆਖਰੀ ਬਜਟ ਨੂੰ ਪੇਸ਼ ਕਰਦਿਆਂ ਪੰਜਾਬ ਵਾਸੀਆਂ ਨੂੰ ਕਈ ਸੁਗਾਤਾਂ ਨਾਲ ਰੂਬਰੂ ਕਰਵਾਇਆ ਹੈ। ਵੱਖ-ਵੱਖ ਵਰਗਾਂ ਲਈ ਰਾਹਤ ਦਾ ਐਲਾਨ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਦੁਕਾਨਦਾਰਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਜਟ ਪੇਸ਼ ਕਰਨ ਦੌਰਾਨ ਕੀਤੇ ਐਲਾਨ ਮੁਤਾਬਕ ਸੂਬੇ ਦੇ ਦੁਕਾਨਦਾਰ ਹੁਣ ਪੂਰਾ ਸਾਲ ਭਾਵ 265 ਦਿਨ ਦੁਕਾਨਾਂ ਖੁੱਲ੍ਹੀਆਂ ਰੱਖ ਸਕਦੇ ਹਨ। ਸਰਕਾਰ ਵੱਲੋਂ ਇਹ ਰਾਹਤ 'ਪੰਜਾਬ ਦੁਕਾਨ ਅਤੇ ਵਣਜ ਸੰਸਥਾਨ ਐਕਟ-1958' ਤਹਿਤ ਦਿੱਤੀ ਗਈ ਹੈ।
Market
ਇਸ ਦਾ ਮਕਸਦ ਸੂਬੇ 'ਚ ਅਰਥ ਵਿਵਸਥਾ ਨੂੰ ਵਧਾਉਣਾ ਅਤੇ ਵਧੇਰੇ ਰੁਜ਼ਗਾਰ ਪੈਦਾ ਕਰਨਾ ਹੈ। ਇਸ ਤੋਂ ਪਹਿਲਾਂ ਰਾਤ ਨੂੰ ਇਕ ਸਮਾਂ ਹੱਦ ਤਕ ਹੀ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਸਨ। ਕੁੱਝ ਦੁਕਾਨਦਾਰਾਂ ਨੂੰ ਬੇਸ਼ੱਕ ਇਸ ਮਾਮਲੇ 'ਚ ਮਨਜ਼ੂਰੀ ਦੇ ਨਾਲ ਰਾਹਤ ਦਿੱਤੀ ਗਈ ਹੈ ਪਰ ਹੁਣ ਪੂਰੇ ਪੰਜਾਬ ਦੇ ਦੁਕਾਨਦਾਰਾਂ ਨੂੰ ਬਿਨਾਂ ਕਿਸੇ ਮਨਜ਼ੂਰੀ ਦੇ ਇਹ ਸਹੂਲਤ ਮਿਲ ਸਕੇਗੀ।
market
ਹੁਣ ਤਕ ਸੂਬੇ 'ਚ ਕੈਮਿਸਟ ਦੀਆਂ ਦੁਕਾਨਾਂ ਹੀ ਦੇਰ ਰਾਤ ਤਕ ਜਾਂ ਪੂਰੀ ਰਾਤ ਖੁੱਲ੍ਹੀਆਂ ਰਹਿੰਦੀਆਂ ਹਨ। ਸਰਕਾਰ ਦੇ ਹੁਕਮਾਂ ਮੁਤਾਬਕ ਆਉਣ ਵਾਲੇ ਸਮੇਂ 'ਚ 24 ਘੰਟਿਆਂ ਲਈ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਸਕਣਗੇ। ਕੋਰੋਨਾ ਕਾਲ ਅਤੇ ਜੀਐਸਟੀ ਵਰਗੇ ਫ਼ੈਸਲਿਆਂ ਦੇ ਝੰਬੇ ਦੁਕਾਨਦਾਰਾਂ ਨੂੰ ਇਸ ਤੋਂ ਵੱਡੀ ਰਾਹਤ ਮਿਲ ਸਕਦੀ ਹੈ।
Market
ਅਜੋਕੇ ਸਮੇਂ ਕਾਰੋਬਾਰ ਘੱਟ ਹੋਣ ਅਤੇ ਆਮਦਨੀ ਵਿਚ ਗਿਰਾਵਟ ਨੂੰ ਲੈ ਕੇ ਵੱਡੀ ਗਿਣਤੀ ਦੁਕਾਨਦਾਰ ਮਾਯੂਸੀ ਦੇ ਮਾਹੌਲ ਵਿਚੋਂ ਗੁਜਰ ਰਹੇ ਹਨ। ਕੋਰੋਨਾ ਕਾਰਨ ਲੱਗੀ ਲੰਮੀ ਤਾਲਾਬੰਦੀ ਤੋਂ ਬਾਅਦ ਹਫਤਾਵਰੀ ਅਤੇ ਨਾਇਟ ਕਰਫਿਊ ਦੇ ਦੌਰ ਨੇ ਦੁਕਾਨਦਾਰਾਂ ਦੇ ਕਾਰੋਬਾਰ 'ਤੇ ਕਾਫੀ ਪ੍ਰਭਾਵ ਪਾਇਆ ਹੈ। ਪਿਛੇ ਲੰਘੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੀ ਦੁਕਾਨਦਾਰਾਂ ਨੂੰ ਗ੍ਰਾਹਕਾਂ ਦੀ ਉਡੀਕ ਕਰਨੀ ਪਈ। ਹੁਣ ਸਰਕਾਰ ਵੱਲੋਂ ਬਜਟ ਦੌਰਾਨ ਦਿੱਤੀ ਛੋਟ ਦੁਕਾਨਦਾਰਾਂ ਦੀ ਮਾਯੂਸੀ ਘਟਾਉਣ 'ਚ ਮਦਦਗਾਰ ਹੋ ਸਕਦੀ।