
ਸੰਭਾਵੀ ਚੋਣ ਨਤੀਜਿਆਂ ਦੀ ਚਰਚਾ ਤੋਂ ਕਾਂਗਰਸ ਹਾਈਕਮਾਨ ਚਿੰਤਤ
ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਕਾਂਗਰਸ ਸੰਗਠਨ 'ਚ ਵੱਡੇ ਫੇਰਬਦਲ ਦੀ ਤਿਆਰੀ
ਚੰਡੀਗੜ੍ਹ, 7 ਮਾਰਚ (ਗੁਰਉਪਦੇਸ਼ ਭੁੱਲਰ): ਭਾਵੇਂ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਹਾਲੇ 10 ਮਾਰਚ ਨੂੰ ਆਉਣੇ ਹਨ ਪਰ ਸੰਭਾਵੀ ਨਤੀਜਿਆਂ ਦੇ ਚਰਚਿਆਂ ਕਾਰਨ ਕਾਂਗਰਸ ਹਾਈਕਮਾਨ ਦੀ ਚਿੰਤਾ ਵੱਧ ਗਈ ਹੈ | 2024 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਸੂਬੇ ਵਿਚ ਮਜ਼ਬੂਤ ਕਰਨ ਲਈ ਹੁਣ ਕਾਂਗਰਸ ਹਾਈਕਮਾਨ ਪੰਜਾਬ ਵਿਧਾਨ ਸਭਾ ਚੋਣਾਂ ਬਾਅਦ ਇਕਦਮ ਹਰਕਤ ਵਿਚ ਆਇਆ ਹੈ |
ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਤੋਂ ਪਹਿਲਾਂ ਡਿਜੀਟਲ ਮੈਂਬਰਸ਼ਿਪ ਮੁਹਿੰਮ 15 ਦਿਨਾਂ ਅੰਦਰ ਸ਼ੁਰੂ ਕਰਵਾਉਣ ਲਈ ਨਿਯੁਕਤ ਕੇਂਦਰ ਚੋਣ ਅਧਿਕਾਰੀ ਮਾਨਿਕ ਰਾਉ ਠਾਕਰੇ ਨੇ ਅੱਜ ਚੰਡੀਗੜ੍ਹ ਪਹੁੰਚ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਹੋਰ ਪ੍ਰਮੁੱਖ ਨੇਤਾਵਾਂ ਨਾਲ ਮੀਟਿੰਗ ਕੀਤੀ | ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਸੰਗਠਨ ਦੀ ਮਜ਼ਬੂਤੀ ਵੱਡਾ ਫੇਰਬਦਲ ਤੈਅ ਹੈ | ਇਸ ਵਿਚ ਕਈ ਪ੍ਰਮੁੱਖ ਕਾਂਗਰਸ ਆਗੂਆਂ ਦੀ ਛੁੱਟੀ ਕਰਨ ਅਤੇ ਨੌਜਵਾਨ ਆਗੂਆਂ ਨੂੰ ਅੱਗੇ ਲਿਆਉਣ ਲਈ ਕਾਂਗਰਸ ਹਾਈਕਮਾਨ ਨੇ ਸੂਬੇ ਵਿਚ ਲੰਮਾ ਸਮਾਂ ਕਾਂਗਰਸ 'ਚ ਚਲੇ ਕਾਟੋ ਕਲੇਸ਼ ਕਾਰਨ ਪੱਕਾ ਮਨ ਬਣਾ ਲਿਆ ਹੈ | ਅੱਜ ਦੀ ਮੀਟਿੰਗ ਵਿਚ ਨਵਜੋਤ ਸਿੱਧੂ ਤੋਂ ਇਲਾਵਾ ਜਥੇਬੰਦਕ ਸਕੱਤਰ ਪ੍ਰਗਟ ਸਿੰਘ, ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਪਵਨ ਗੋਇਲ ਅਤੇ ਕੁੱਝ ਹੋਰ ਚੋਣਵੇਂ ਪ੍ਰਮੁੱਖ ਆਗੂ ਸ਼ਾਮਲ ਸਨ |
ਅੱਜ ਹੋਈ ਮੀਟਿੰਗ ਵਿਚ ਮੈਂਬਰਸ਼ਿਪ ਮੁਹਿੰਮ ਨੂੰ ਹਰ ਸ਼ਹਿਰ ਤੇ ਪਿੰਡ ਦੀ ਨੁਕਰ ਤਕ ਪਹੁੰਚਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਆਉਣ ਵਾਲੇ ਸਮੇਂ ਵਿਚ ਪਾਰਟੀ ਸੰਗਠਨ ਨੂੰ ਨਵੀਂ ਦਿਖ ਦੇ ਕੇ ਵਰਕਰਾਂ ਵਿਚ ਉਤਸ਼ਾਹ ਪੈਦਾ ਕਰਨ ਬਾਰੇ ਵੀ
ਚਰਚਾ ਕੀਤੀ ਗਈ ਹੈ | ਮਾਨਿਕ ਰਾਉ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਵੱਡੀ ਗਿਣਤੀ ਵਿਚ ਜੀਅ ਜਾਨ ਲਾ ਕੇ ਮੈਂਬਰਸ਼ਿਪ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਪਿਛਲੇ ਸਮੇਂ ਦੀਆਂ ਕਮੀਆਂ ਨੂੰ ਦੂਰ ਕਰ ਕੇ ਆਉਣ
ਵਾਲੇ ਸਮੇਂ ਵਿਚ ਪਾਰਟੀ ਸੰਗਠਨ ਨੂੰ ਵਧੇਰੇ ਮਜ਼ਬੂਤੀ ਨਾਲ ਖੜਾ ਕੀਤਾ ਜਾ ਸਕੇ |