
ਪੰਜਾਬ ਨੇ ਕੇਂਦਰ ਤੋਂ ਕਣਕ ਦੀ ਖ਼ਰੀਦ ਲਈ 29 ਹਜ਼ਾਰ ਕਰੋੜ ਰੁਪਏ ਨਕਦ ਕ੍ਰੈਡਿਟ ਲਿਮਟ ਮੰਗੀ
ਸਨੌਰ, 7 ਮਾਰਚ (ਰਾਜਿੰਦਰ ਥਿੰਦ) : ਪੰਜਾਬ ਅੰਦਰ ਕਣ ਦੀ ਖਰੀਦ 1 ਅਪੈ੍ਰਲ ਤੋਂ ਸ਼ੁਰੂ ਹੋਣ ਜਾ ਰਹੀ ਹੈ | ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਪੰਜਾਬ ਦੀਆਂ ਸਾਰੀਆਂ ਖਰੀਦ ਏਜੰਸੀਆਂ ਨੂੰ ਕਣਕ ਦੀ ਖਰੀਦ ਸਟੋਰੇਜ਼ ਅਤੇ ਵਰਤੇ ਜਾਣ ਵਾਲੇ ਬਾਰਦਾਨੇ ਦਾ ਪ੍ਰਬੰਧ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੀ ਬਣਦੀ ਅਦਾਇਗੀ ਨਾਲੋ-ਨਾਲ ਕਰਨ ਲਈ ਪੰਜਾਬ ਸਰਕਾਰ ਵਲੋਂ ਕੇਂਦਰ ਤੋਂ 29 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਸੀਮਾ (ਸੀ. ਸੀ. ਐਲ) ਦੀ ਮੰਗ ਕੀਤੀ ਗਈ ਹੈ |
ਸੂਬੇ ਦੇ ਖੇਤੀਬਾੜੀ ਵਿਭਾਗ ਅਨੁਸਾਰ ਪੰਜਾਬ ਅੰਦਰ ਇਸ ਸਮੇਂ 190 ਲੱਖ ਟਨ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ, ਜਿਸ ਵਿਚੋਂ 135 ਲੱਖ ਟਨ ਕਣਕ ਸੂਬੇ ਦੀਆਂ ਸਮੂਹ ਖਰੀਦ ਏਜੰਸੀਆਂ ਅਤੇ ਕੇਂਦਰੀ ਖਰੀਦ ਏਜੰਸੀ ਐਫ.ਸੀ.ਆਈ. ਵਲੋਂ ਕੀਤੀ ਜਾਵੇਗੀ | ਪਿਛਲੇ ਸਾਲ ਸਾਉਣੀ ਦੇ ਸੀਜ਼ਨ ਵਿਚ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਮੌਜੂਦਾ ਸੀਜ਼ਨ ਵਿਚ ਕਣਕ ਲਈ ਘੱਟੋ-ਘੱਟ ਸਮਰਥਨ ਮੁੱਲ ਵਜੋਂ 2015 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਹੈ |
ਭਾਰਤੀ ਰਿਜ਼ਰਵ ਬੈਂਕ ਦੀ ਮਨਜ਼ੂਰੀ ਨਾਲ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਇਕ ਸੰਘ ਦੁਆਰਾ ਭੁਗਤਾਨ ਕੀਤੇ ਜਾਣ ਵਾਲੇ ਸੀ.ਸੀ.ਐਲ. ਨੂੰ ਮਨਜ਼ੂਰੀ ਦੇਣ ਵਾਲਾ ਖ਼ੁਰਾਕ ਅਤੇ ਜਨਤਕ ਵੰਡ ਲਈ ਕੇਂਦਰੀ ਮੰਤਰਾਲਾ ਇਕ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਪੰਜਾਬ ਸਰਕਾਰ 130 ਲੱਖ ਟਨ ਕਣਕ ਦੀ ਹੀ ਖਰੀਦ ਕਰੇ ਜੋ ਕਿ ਪਿਛਲੇ ਸਾਲ ਹਾੜ੍ਹੀ ਦੇ ਸੀਜਨ ਵਿਚ ਖਰੀਦ ਕੀਤੇ ਜਾਣ ਵਾਲੀ ਕਣਕ ਦੇ ਬਰਾਬਰ ਹੈ | ਵੱਖ-ਵੱਖ ਸੂਬੇ ਖਰੀਦ ਏਜੰਸੀਆਂ ਨੂੰ ਅਲਾਟ ਕੀਤੇ ਕੋਟੇ ਅਨੁਸਾਰ ਪਨਗ੍ਰੇਨ 23. 5 ਪ੍ਰਤੀਸ਼ਤ (34. 4 ਲੱਖ ਟਨ), ਮਾਰਕੈਫਡ 24 ਪ੍ਰਤੀਸ਼ਤ (32. 4 ਲੱਖ ਟਨ), ਪਨਪਸ 23. 5 ਪ੍ਰਤੀਸ਼ਤ (31 7 ਲੱਖ ਟਨ), ਸਟੇਟ ਵੇਅਰ ਹਾਊਸ ਕਾਰਪੋਰੇਸ਼ਨ 14. 4 ਪ੍ਰਤੀਸ਼ਤ (19. 5 ਲੱਖ ਟਨ) ਅਤੇ ਐਫ. ਸੀ. ਆਈ. 12. 6 ਪ੍ਰਤੀਸ਼ਤ (17 ਲੱਖ ਟਨ) ਕਣਕ ਦੀ ਖਰੀਦ ਕਰਨਗੀਆਂ | ਖਰੀਦ ਏਜੰਸੀਆਂ ਨੂੰ ਕਣਕ ਲਈ ਬਾਰਦਾਨੇ ਦੇ ਪੁੱਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਖਰੀਦ ਕੀਤੀ ਕਣਕ ਨੂੰ ਗੋਦਾਮਾਂ ਵਿਚ ਭੰਡਾਰ ਕਰਨ ਲਈ ਵੀ ਖਰੀਦ ਏਜੰਸੀਆ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ |
ਪ੍ਰਾਪਤ ਵੇਰਵੇ ਅਨੁਸਾਰ ਇਸ ਸਮੇਂ ਦੌਰਾਨ ਗੋਦਾਮਾਂ ਵਿਚ 40 ਲੱਖ ਟਨ ਕਣਕ ਭੰਡਾਰ ਹੈ | ਇਸ ਸਟਾਕ ਵਿਚੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਘੱਟੋ-ਘੱਟ 12-13 ਲੱਖ ਟਨ ਕਣਕ ਦੀ ਵਰਤੋਂ ਕੀਤੀ ਜਾ ਰਹੀ ਹੈ | ਜਦੋਂ ਕਿ ਵੱਡੀ ਮਾਤਰਾ ਵਿਚ ਪੰਜਾਬ ਤੋਂ ਕਣਕ ਪਾਕਿਸਤਾਨ ਦੇ ਟਰੱਕਾਂ ਰਾਹੀਂ ਅਫ਼ਗਾਨਿਸਤਾਨ ਨੂੰ ਭੇਜੀ ਜਾ ਰਹੀ ਹੈ | ਨਵੀਂ ਖਰੀਦ ਦੇ ਸ਼ੁਰੂ ਹੋਣ ਤਕ ਸਟਾਕ 25 ਲੱਖ ਟਨ ਰਹਿ ਜਾਣ ਦੀ ਉਮੀਦ ਹੈ | ਇਸ ਤੋਂ ਇਲਾਵਾ ਸੂਬੇ ਅੰਦਰ ਗੋਦਾਮਾਂ ਵਿਚ 94 ਲੱਖ ਟਨ ਚਾਵਲ ਭੰਡਾਰ ਪਿਆ ਹੈ ਅਤੇ 100 ਲੱਖ ਟਨ ਝੋਨਾ ਮਿੱਲ ਹੋਣ ਤੋਂ ਬਾਕੀ ਹੈ, ਜਿਸ ਨਾਲ 66 ਲੱਖ ਟਨ ਹੋਰ ਚਾਵਲ ਤਿਆਰ ਹੋਵੇਗਾ |