
ਪੁਲਿਸ 'ਤੇ ਵਿਵਾਦਤ ਟਿੱਪਣੀ 'ਤੇ ਸੰਦੀਪ ਸਿੰਘ ਨੇ ਨਵਜੋਤ ਸਿੱਧੂ ਨੂੰ ਦਿੱਤਾ ਸੀ ਜਵਾਬ
ਅੰਮ੍ਰਿਤਸਰ - ਅੰਮ੍ਰਿਤਸਰ ਵਿਚ ਤੈਨਾਤ ਹਵਲਦਾਰ ਸੰਦੀਪ ਸਿੰਘ ਨੂੰ ਲੈ ਕੇ ਇਹ ਖ਼ਬਰ ਸਾਹਮਣੇ ਆਈ ਹੈ ਕਿ ਪੁਲਿਸ ਨੇ ਸੰਦੀਪ ਸਿੰਘ ਨੂੰ ਨਸ਼ੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਪਰ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਖ਼ਬਰ ਨੂੰ ਸਿਰੇ ਤੋਂ ਨਾਕਾਰ ਦਿੱਤਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਸੰਦੀਪ ਸਿੰਘ ਨਾਮ ਦੇ ਅਜਿਹੇ ਕਿਸੇ ਵੀ ਹਵਲਦਾਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਦੱਸ ਦਈਏ ਕਿ ਸੰਦੀਪ ਸਿੰਘ ਹਵਲਦਾਰ ਉਹੀ ਹੈ ਜਿਸ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਲਲਕਾਰਿਆ ਸੀ।
Navjot Sidhu
ਇਸ ਹੌਲਦਾਰ ਨੇ ਆਪਣੀਆਂ ਮੁੱਛਾਂ ਮਰੋੜਦੇ ਹੋਏ ਸਿੱਧੂ ਨੂੰ ਲਲਕਾਰਿਆ ਸੀ। ਦਰਅਸਲ, ਸਿੱਧੂ ਨੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਵਿਚ ਪਾਰਟੀ ਦੇ ਵਿਧਾਇਕ ਅਤੇ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਹੱਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ, ਚੀਮਾ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ, ‘ਆਹ ਮੁੰਡਾ ਵੇਖੋ, ਪੀਲੀ ਜੈਕਟ ਪਾ ਕੇ, ਗਾਡਰ ਵਰਗਾ, ਥਾਣੇਦਾਰ ਨੂੰ ਖੰਗੂਰਾ ਮਾਰੇ, ਪੈਂਟ ਗਿੱਲੀ ਕਰ ਦਿੰਦਾ ਹੈ। ਹਵਲਦਾਰ ਸੰਦੀਪ ਸਿੰਘ ਵੱਲੋਂ ਵੀ ਸਿੱਧੂ ਦੇ ਬਿਆਨ ਦੀ ਤਿੱਖੀ ਅਲੋਚਨਾ ਕੀਤੀ ਗਈ ਸੀ। ਉਸ ਨੇ ਇਕ ਕਾਰ ਵਿਚ ਬੈਠ ਕੇ ਵੀਡੀਓ ਬਣਾਈ ਸੀ ਜਿਸ ਵਿਚ ਸਿੱਧੂ ਲਈ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ।